ਸ਼ਰਾਬ ਨੀਤੀ ਮਾਮਲੇ ‘ਚ CBI ਤੇ ED ਕੋਲ ਕੋਈ ਸਬੂਤ ਨਹੀਂ – ਆਤਿਸ਼ੀ

0
438

ਨਵੀਂ ਦਿੱਲੀ | ਦਿੱਲੀ ਦੀ ਸਿੱਖਿਆ ਮੰਤਰੀ ਅਤੇ ‘ਆਪ’ ਨੇਤਾ ਆਤਿਸ਼ੀ ਮਾਰਲੇਨਾ ਨੇ ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਅੱਜ ਵੱਡਾ ਦਾਅਵਾ ਕੀਤਾ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਵਿਰੋਧੀ ਵਾਰ-ਵਾਰ ਦੋਸ਼ ਲਗਾ ਰਹੇ ਹਨ ਕਿ ਦਿੱਲੀ ‘ਚ ਸ਼ਰਾਬ ਘੁਟਾਲਾ ਹੋਇਆ ਹੈ। ਜੋ ਦੋਸ਼ ਭਾਜਪਾ ਦੇ ਬੁਲਾਰੇ ਲਗਾਉਂਦੇ ਰਹੇ ਹਨ, ਓਹੀ ਦੋਸ਼ ਈਡੀ ਅਤੇ ਸੀਬੀਆਈ ਦੀ ਚਾਰਜਸ਼ੀਟ ਵਿਚ ਆ ਗਏ। 

ਆਤਿਸ਼ੀ ਨੇ ਕਿਹਾ ਕਿ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਰਾਜੇਸ਼ ਜੋਸ਼ੀ ਅਤੇ ਗੌਤਮ ਮਲਹੋਤਰਾ ਨੂੰ ਸ਼ਨੀਵਾਰ ਨੂੰ ਰਾਊਜ਼ ਐਵੇਨਿਊ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ 86 ਪੰਨਿਆਂ ਦਾ ਹੁਕਮ ਵੀ ਦਿੱਤਾ ਹੈ। 100 ਕਰੋੜ ਛੱਡੋ, 30 ਕਰੋੜ ਛੱਡੋ, ਈਡੀ ਤੇ ਸੀਬੀਆਈ ਕੋਲ ਇੱਕ ਨਵੇਂ ਪੈਸੇ ਦੇ ਭ੍ਰਿਸ਼ਟਾਚਾਰ ਦੇ ਸਬੂਤ ਵੀ ਨਹੀਂ ਹਨ। 86 ਪੰਨਿਆਂ ਦੇ ਇਸ ਹੁਕਮ ਵਿਚ ਜੱਜ ਵਾਰ-ਵਾਰ ਸਿਰਫ਼ ਇੱਕ ਗੱਲ ਦੁਹਰਾ ਰਹੇ ਹਨ ਕਿ ਈਡੀ-ਸੀਬੀਆਈ ਵਲੋਂ ਉਨ੍ਹਾਂ ਦੇ ਸਾਹਮਣੇ ਕੋਈ ਸਬੂਤ ਨਹੀਂ ਰੱਖਿਆ ਗਿਆ ਹੈ। 

ਈਡੀ-ਸੀਬੀਆਈ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਜਾਂਚ ਕਰ ਰਹੀ ਹੈ। ਕੁੱਲ ਮਿਲਾ ਕੇ ਉਸ ਨੇ ਇਸ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਵਿਚ 500 ਤੋਂ ਵੱਧ ਅਫ਼ਸਰਾਂ ਨੂੰ ਲਾਇਆ ਹੈ। ਇਸ ਸ਼ਰਾਬ ਘੁਟਾਲੇ ਵਿਚ ਮੁੱਖ ਤੌਰ ’ਤੇ ਦੋ ਦੋਸ਼ ਹਨ। ਪਹਿਲਾ ਦੋਸ਼ ਇਹ ਹੈ ਕਿ ਨਵੀਂ ਸ਼ਰਾਬ ਨੀਤੀ ਬਣਾਉਣ ਦੇ ਬਦਲੇ ਸ਼ਰਾਬ ਕਾਰੋਬਾਰੀਆਂ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਸੀ। ਦੂਸਰਾ ਇਲਜ਼ਾਮ ਹੈ ਕਿ ਜੋ 100 ਕਰੋੜ ਰੁਪਏ ਸ਼ਰਾਬ ਦੇ ਕਾਰੋਬਾਰੀਆਂ ਤੋਂ ਲਏ ਗਏ ਸਨ, ਉਹ ‘ਆਪ’ ਨੇ ਗੋਆ ਚੋਣਾਂ ਵਿਚ ਵਰਤੇ।

ਇਸ ਤੋਂ ਇਲਾਵਾ ਆਤਿਸ਼ੀ ਨੇ ਰਾਜੇਸ਼ ਜੋਸ਼ੀ ਨੂੰ ਛੋਟਾ ਵਿਕਰੇਤਾ ਕਿਹਾ ਅਤੇ ਕਿਹਾ ਕਿ ਉਹ ਪੋਸਟਰ ਆਦਿ ਲਗਾਉਂਦਾ ਹੈ। ਨਵੇਂ ਪੈਸਿਆਂ ਦੇ ਲੈਣ-ਦੇਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਆਤਿਸ਼ੀ ਮਾਰਲੇਨਾ ਨੇ ਕਿਹਾ ਕਿ ਪਹਿਲਾਂ 100 ਕਰੋੜ ਦੀ ਰਿਸ਼ਵਤ ਦੀ ਗੱਲ ਚੱਲੀ ਸੀ। ਫਿਰ ਈਡੀ 30 ਕਰੋੜ ‘ਤੇ ਆ ਗਈ।

ਆਤਿਸ਼ੀ ਨੇ ਕਿਹਾ ਕਿ ਰਾਊਜ਼ ਐਵੇਨਿਊ ਅਦਾਲਤ ਦੇ ਸ਼ਨੀਵਾਰ ਦੇ ਹੁਕਮ ਨੂੰ ਪੜ੍ਹਨਾ ਚਾਹੀਦਾ ਹੈ, ਜਿਸ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਈਡੀ ਕੋਲ ਇਕ ਵੀ ਪੈਸੇ ਦੀ ਰਿਸ਼ਵਤ ਲੈਣ ਦਾ ਕੋਈ ਸਬੂਤ ਨਹੀਂ ਹੈ। ਆਤਿਸ਼ੀ ਨੇ ਦੱਸਿਆ ਕਿ ਰਾਜੇਸ਼ ਜੋਸ਼ੀ ਦੇ ਮਾਮਲੇ ‘ਚ ਅਦਾਲਤ ਨੇ ਹੁਕਮ ‘ਚ ਕਿਹਾ ਕਿ ਕਿਸੇ ਦੇ ਫੋਨ ‘ਚ ਕਿਸੇ ਦਾ ਨੰਬਰ ਸੇਵ ਹੋਣ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ।

ਅਦਾਲਤ ਦੇ ਇਸ ਹੁਕਮ ਨੇ ਈਡੀ ਅਤੇ ਸੀਬੀਆਈ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਸਾਬਤ ਹੋ ਗਿਆ ਹੈ ਕਿ ਈਡੀ-ਸੀਬੀਆਈ ਦੀ ਚਾਰਜਸ਼ੀਟ ਪ੍ਰਧਾਨ ਮੰਤਰੀ ਦਫ਼ਤਰ ਵਿਚ ਲਿਖੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਗਵਾਹ ਅਤੇ ਸਬੂਤ ਲੱਭਣ ਲਈ ਕਿਹਾ ਜਾਂਦਾ ਹੈ। ਅਦਾਲਤ ਦੇ ਹੁਕਮਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਝੂਠੇ ਦੋਸ਼ ਲਗਾਉਣ ਵਾਲਿਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਦਨਾਮ ਕਰ ਰਹੇ ਹਨ। ਈਡੀ ਅਤੇ ਸੀਬੀਆਈ ਅਜੇ ਤੱਕ ਅਦਾਲਤ ਵਿਚ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।

ਜ਼ਿਕਰਯੋਗ ਹੈ ਕਿ ਸ਼ਰਾਬ ਘੁਟਾਲੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਹੈ। ਕੇਜਰੀਵਾਲ ਨੇ ਟਵੀਟ ਵਿਚ ਲਿਖਿਆ ਕਿ ਹੁਣ ਅਦਾਲਤ ਨੇ ਵੀ ਕਹਿ ਦਿੱਤਾ ਹੈ ਕਿ ਮਨੀ ਲਾਂਡਰਿੰਗ ਦਾ ਕੋਈ ਸਬੂਤ ਨਹੀਂ ਹੈ। ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਸ਼ਰਾਬ ਘੁਟਾਲਾ ਜਾਅਲੀ ਹੈ ਅਤੇ ਸਿਰਫ਼ ‘ਆਪ’ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਸੀ।