ਜਲੰਧਰ | ਕੋਰੋਨਾ ਦੇ ਮਰੀਜ਼ਾਂ ਦੇ ਨਾਲ-ਨਾਲ ਮਰਨ ਵਾਲਿਆਂ ਦੀ ਸੰਖਿਆ ਦਾ ਗ੍ਰਾਫ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਸਿਹਤ ਵਿਭਾਗ ਲਈ ਇਕ ਨਵੀਂ ਸਮੱਸਿਆ ਪੈਦਾ ਹੋ ਗਈ ਹੈ। ਪਿਛਲੇ 11 ਦਿਨਾਂ ਤੋਂ 940 ਅਜਿਹੇ ਮਰੀਜ਼ ਹਨ ਜਿਹਨਾਂ ਦੀ ਟਰੇਸਿੰਗ ਨਹੀਂ ਹੋ ਰਹੀਂ। ਮਰੀਜ਼ ਟੈਸਟ ਦੇਣ ਤੋਂ ਬਾਅਦ ਘਰ ਚਲੇ ਜਾਂਦੇ ਹਨ ਪਰ ਜਦੋਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਹਨਾਂ ਦਾ ਥਾਂ ਟਿਕਾਣਾ ਗਲਤ ਹੀ ਹੁੰਦਾ ਹੈ। ਮਰੀਜ਼ਾਂ ਦੀ ਅਜਿਹੀ ਅਣਗਹਿਲੀ ਸਿਹਤਮੰਦ ਲੋਕਾਂ ਨੂੰ ਖਤਰੇ ਵਿਚ ਪਾ ਰਹੀ ਹੈ।
ਭੋਗਪੁਰ ਦੇ ਲਈ ਕੋਰੋਨਾ ਖਤਰਾ ਬਣਿਆ ਹੋਇਆ ਹੈ। ਪਿੰਡ ਡੱਲਾ ਦੇ ਅੱਠ ਮਰੀਜ਼ਾਂ ਸਮੇਤ ਕੱਲ੍ਹ ਜਲੰਧਰ ਵਿਚ 94 ਮਰੀਜ਼ ਸਾਹਮਣੇ ਆਏ ਹਨ। ਕੋਰੋਨਾ ਦਾ ਟੈਸਟ ਦੇਣ ਵਾਲੇ ਲੋਕ ਹੁਣ ਸਿਹਤ ਵਿਭਾਗ ਲਈ ਸਿਰਦਰਦ ਬਣ ਗਏ ਹਨ, ਉਹ ਟੈਸਟ ਦੇਣ ਉਪਰੰਤ ਆਪਣਾ ਪਤਾ ਗਲਤ ਦੱਸ ਦਿੰਦੇ ਹਨ ਤੇ ਉਹਨਾਂ ਦੀ ਭਾਲ ਕਰਨ ਤੇ ਉਹਨਾਂ ਦਾ ਸਹੀ ਟਿਕਾਣਾ ਪਤਾ ਨਹੀਂ ਲੱਗ ਪਾਉਂਦਾ। ਕੋਰੋਨਾ ਪਾਜ਼ੀਟਿਵ ਮਰੀਜ਼ ਸਿਹਤਮੰਦ ਲੋਕਾਂ ਵਿਚ ਆਮ ਹੀ ਘੁੰਮ ਰਹੇ ਹਨ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ ਟੀਪੀ ਸਿੰਘ ਨੇ ਦੱਸਿਆ ਕਿ ਲੋਕਾਂ ਦਾ ਟੈਸਟ ਦੇ ਕੇ ਆਪਣਾ ਸਾਰਾ ਪਤਾ ਗਲਤ ਲਿਖਵਾਉਣਾ ਵਿਭਾਗ ਲਈ ਟੈਨਸ਼ਨ ਦਾ ਕਾਰਨ ਬਣਦਾ ਜਾ ਰਿਹਾ ਹੈ। ਅਜਿਹੇ ਮਰੀਜ਼ਾਂ ਨੂੰ ਲੱਭਣ ਵਿਚ ਬਹੁਤ ਜਿਆਦਾ ਮੁਸ਼ਕਲ ਆਉਂਦੀ ਹੈ। ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਇਸ ਤਰ੍ਹਾਂ ਸਿਹਤਮੰਦ ਲੋਕਾਂ ਨੂੰ ਵੀ ਕੋਰੋਨਾ ਹੋਣ ਦਾ ਡਰ ਹੈ।