ਤਰਨਤਾਰਨ | ਪੱਟੀ ‘ਚ ਕੈਥੋਲਿਕ ਚਰਚ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਅੱਜ ਪੰਜਾਬ ਦੇ ਸਾਰੇ ਕੈਥੋਲਿਕ ਕਾਨਵੈਂਟ ਸਕੂਲ ਤੇ ਕਾਲਜ ਬੰਦ ਰਹਿਣਗੇ। ਪੰਜਾਬ ਵਿੱਚ 200 ਤੋਂ ਵੱਧ ਸਕੂਲ ਤੇ ਕਾਲਜ ਹਨ, ਜਦਕਿ ਜਲੰਧਰ ਜ਼ਿਲ੍ਹੇ ਵਿੱਚ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ 20 ਸਕੂਲ ਕੈਥੋਲਿਕ ਨਾਲ ਸਬੰਧਤ ਹਨ। ਸਾਰਿਆਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਕੈਥੋਲਿਕ ਦੇ ICSE ਸਿੱਖਿਆ ਬੋਰਡ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਸਮੂਹ ਕਾਨਵੈਂਟ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ ਤੇ ਕਲਾਸ ਇੰਚਾਰਜਾਂ ਵੱਲੋਂ ਵਟਸਐਪ ਗਰੁੱਪ ਅਤੇ ਸਕੂਲ ਐਪ ਰਾਹੀਂ ਮਾਪਿਆਂ ਨੂੰ ਛੁੱਟੀ ਸਬੰਧੀ ਸੰਦੇਸ਼ ਭੇਜ ਕੇ ਜਾਣੂ ਕਰਵਾਇਆ ਗਿਆ।
ਵੀਰਵਾਰ ਨੂੰ ਛੁੱਟੀ ਐਲਾਨੇ ਜਾਣ ਕਾਰਨ ਸਤੰਬਰ ਦੀ ਪ੍ਰੀਖਿਆ ਲਈ ਵੀ ਤੈਅ ਕੀਤੀ ਤਰੀਕ ਨੂੰ ਵੀ ਨੂੰ ਰੱਦ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਮੰਗਲਵਾਰ ਦੇਰ ਰਾਤ ਪੱਟੀ ਦੇ ਪਿੰਡ ਠੱਕਰਪੁਰਾ ‘ਚ ਸਥਿਤ ਸੈਕਰਡ ਹਾਰਟ ਸਕੂਲ ਨੇੜੇ ਕੈਥੋਲਿਕ ਚਰਚ ‘ਚ ਸ਼ਰਾਰਤੀ ਅਨਸਰਾਂ ਵਲੋਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ।
ਪੰਜਾਬ ਕੈਥੋਲਿਕ ਚਰਚ ਦੇ ਆਈਸੀਐਸਈ ਸਿੱਖਿਆ ਬੋਰਡ ਦੇ ਡਾਇਰੈਕਟਰ ਪੰਜਾਬ ਫਾਦਰ ਜੋਸ ਪਲਕੁਰਾ ਨੇ ਕਿਹਾ ਕਿ ਤਰਨਤਾਰਨ ਵਿੱਚ ਵਾਪਰੀ ਘਟਨਾ ਅਤਿ ਨਿੰਦਣਯੋਗ ਹੈ। ਅਜਿਹੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਨਿੰਦਣਯੋਗ ਘਟਨਾ ਦੇ ਵਿਰੋਧ ਵਿੱਚ ਪੰਜਾਬ ਦੇ ਸਾਰੇ ਕੈਥੋਲਿਕ ਸਕੂਲ ਅਤੇ ਕੈਥੋਲਿਕ ਮਾਨਤਾ ਪ੍ਰਾਪਤ ਕਾਲਜ ਇੱਕ ਦਿਨ ਲਈ ਬੰਦ ਰੱਖੇ ਜਾ ਰਹੇ ਹਨ।