ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਦਾ ਮਾਮਲਾ : ਮਾਰੇ ਗਏ ਨੌਜਵਾਨ ਦੇ ਲਏ ਗਏ ਫਿੰਗਰਪ੍ਰਿੰਟਸ, ਆਧਾਰ ਕਾਰਡ ਡਾਟਾ ਨਾਲ ਨਹੀਂ ਖਾਂਦੇ ਮੇਲ

0
939

ਅੰਮ੍ਰਿਤਸਰ | ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਪਛਾਣ ਕਰਨ ਲਈ ਪੁਲਿਸ ਰੂਟ ਮੈਥਡ ਤੇ ਫੋਰੈਂਸਿਕ ਵਿਭਾਗ ਦੀ ਟੀਮ ਦਾ ਸਹਾਰਾ ਲੈ ਰਹੀ ਹੈ ਪਰ ਹੁਣ ਤੱਕ ਪੁਲਿਸ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੀ।

ਫਿਲਹਾਲ ਪੁਲਿਸ ਨੇ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ। ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ 2 ਦਿਨਾਂ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਕਰਨ ਦਾ ਐਲਾਨ ਕੀਤਾ ਹੈ।

ਪੁਲਿਸ ਸ਼ੁੱਕਰਵਾਰ ਨੂੰ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਭੀੜ ਵੱਲੋਂ ਮਾਰੇ ਗਏ ਨੌਜਵਾਨ ਦੀ ਸ਼ਨਾਖਤ ਕਰਨ ‘ਚ ਜੁਟੀ ਹੋਈ ਸੀ। ਐਤਵਾਰ ਨੂੰ ਦਰਬਾਰ ਸਾਹਿਬ ਦੇ ਅੰਦਰ ਉਸ ਦੀ ਹਰਕਤ ਦੇਖਣ ਲਈ ਪੁਲਿਸ ਨੇ ਰੂਟ ਮੈਥਡ ਵਰਤਿਆ।

ਸੀਸੀਟੀਵੀ ਕੈਮਰਿਆਂ ਵਿੱਚ ਸਮੇਂ ਦੇ ਨਾਲ ਨੌਜਵਾਨ ਦੀ ਹਰਕਤ ’ਤੇ ਨਜ਼ਰ ਰੱਖੀ ਗਈ ਪਰ ਦਰਬਾਰ ਸਾਹਿਬ ਦੇ ਬਾਹਰ ਪੁਲਿਸ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡੀਸੀਪੀ ਭੰਡਾਲ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਮਾਰੇ ਗਏ ਆਰੋਪੀ ਨੂੰ 3-4 ਵਾਰ ਗੁਰੂ ਘਰ ਵਿੱਚ ਮੱਥਾ ਟੇਕਦੇ ਦੇਖਿਆ ਗਿਆ। ਇਸ ਤੋਂ ਇਲਾਵਾ ਉਸ ਨੂੰ 2 ਵਾਰ ਲੰਗਰ ਹਾਲ ਵਿੱਚ ਤੇ ਇਕ ਵਾਰ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਆਰਾਮ ਕਰਦੇ ਦੇਖਿਆ ਗਿਆ ਪਰ ਬਾਹਰ ਛੋਟੀਆਂ ਗਲੀਆਂ ਹੋਣ ਕਾਰਨ ਪੁਲਿਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਟੀਮਾਂ ਐਤਵਾਰ ਨੂੰ ਦਿਨ ਭਰ ਦਰਬਾਰ ਸਾਹਿਬ ਤੇ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਚੈੱਕ ਕਰਦੀਆਂ ਰਹੀਆਂ।

ਬਾਇਓਮੈਟ੍ਰਿਕ ਰਿਕਾਰਡ ਖੰਗਾਲਿਆ ਗਿਆ

ਪੁਲਿਸ ਦੀ ਫੋਰੈਂਸਿਕ ਟੀਮ ਨੇ ਐਤਵਾਰ ਨੂੰ ਨੌਜਵਾਨ ਦੇ ਫਿੰਗਰਪ੍ਰਿੰਟਸ ਲਏ। ਪੁਲਿਸ ਵੱਲੋਂ ਐਤਵਾਰ ਨੂੰ ਇਨ੍ਹਾਂ ਫਿੰਗਰਪ੍ਰਿੰਟਸ ਨੂੰ ਆਧਾਰ ਕਾਰਡ ਦੇ ਡਾਟਾਬੇਸ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਪੂਰੀ ਤਰ੍ਹਾਂ ਅਸਫਲ ਰਹੀ।

ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫਿੰਗਰਪ੍ਰਿੰਟਸ ਦਾ ਰਿਕਾਰਡ ਆਧਾਰ ਕਾਰਡ ਤੇ ਪੁਲਿਸ ਦੇ ਡਾਟਾਬੇਸ ਨਾਲ ਮੇਲ ਨਹੀਂ ਖਾਂਦਾ। ਫਿਲਹਾਲ ਪੁਲਿਸ ਉਸ ਦੇ ਆਉਣ-ਜਾਣ ਵਾਲੇ ਰਸਤੇ ਦੇ ਸੀਸੀਟੀਵੀ ਖੋਜ ਰਹੀ ਹੈ, ਜਲਦ ਹੀ ਉਸ ਦੀ ਪਛਾਣ ਕਰ ਲਈ ਜਾਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ