ਖੰਨਾ ‘ਚ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ : ਪਾੜੀ ਵਰਦੀ, ਗੱਡੀ ਵੀ ਭੰਨੀ, ਛਾਪੇਮਾਰੀ ਕਰਨ ਗਈ ਸੀ ਟੀਮ

0
124

ਖੰਨਾ | ਖੰਨਾ ‘ਚ ਕੁੱਟਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਲੌਦ ਕਸਬੇ ਦੇ ਪਿੰਡ ਕੁਲਹਾੜ ਵਿਚ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਗਈਆਂ। ਗੱਡੀ ਦੀ ਭੰਨਤੋੜ ਕੀਤੀ ਗਈ। ਡਰਾਈਵਰ ਦਾ ਮੋਬਾਇਲ ਵੀ ਟੁੱਟ ਗਿਆ। ਲੁਧਿਆਣਾ ਦੇ ਜਮਾਲਪੁਰ ਥਾਣਾ ਰਾਮਗੜ੍ਹ ਦੀ ਪੁਲਿਸ ਟੀਮ ਚੋਰੀ ਦੇ ਇਕ ਕੇਸ ਵਿਚ ਛਾਪੇਮਾਰੀ ਕਰਨ ਲਈ ਪਿੰਡ ਆਈ ਸੀ, ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ, ਉਨ੍ਹਾਂ ਨੇ ਪੁਲਿਸ ਨੂੰ ਘੇਰ ਕੇ ਧੱਕਾਮੁੱਕੀ ਕੀਤੀ।

ਛਾਪੇਮਾਰੀ ਦੌਰਾਨ ਸਤਵੰਤ ਸਿੰਘ, ਸਿਮਰਨਜੀਤ ਸਿੰਘ ਮਿੱਠੂ ਅਤੇ ਕੁਲਵਿੰਦਰ ਕੌਰ ਸਮੇਤ ਕੁਝ ਹੋਰਾਂ ਨੇ ਪੁਲਿਸ ਨੂੰ ਘੇਰ ਲਿਆ। ਡਰਾਈਵਰ ਖੁਸ਼ਦੇਵ ਸਿੰਘ ਦੀ ਕੁੱਟਮਾਰ ਕੀਤੀ ਗਈ। ਹੋਮ ਗਾਰਡ ਜਵਾਨ ਕੁਲਵੀਰ ਚੰਦ ਨਾਲ ਧੱਕਾ-ਮੁੱਕੀ ਕਰਦੇ ਸਮੇਂ ਵਰਦੀ ਦੇ ਬਟਨ ਟੁੱਟ ਗਏ। ਕਾਂਸਟੇਬਲ ਹਰਜਿੰਦਰ ਸਿੰਘ ਨਾਲ ਵੀ ਧੱਕਾਮੁੱਕੀ ਕੀਤੀ ਗਈ। ਮਲੌਦ ਥਾਣੇ ਵਿਚ ਸਤਵੰਤ ਸਿੰਘ, ਸਿਮਰਨਜੀਤ ਸਿੰਘ, ਕੁਲਵਿੰਦਰ ਕੌਰ ਅਤੇ 3 ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਰਾਮਗੜ੍ਹ ਵਿਚ ਕੁਝ ਦਿਨ ਪਹਿਲਾਂ ਮਨਜਿੰਦਰ ਸਿੰਘ ਦੇ ਘਰ ਵਿਚ ਚੋਰੀ ਹੋਈ ਸੀ। ਪੁਲਿਸ ਨੇ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਸੀ। ਪੁਲਿਸ ਕੋਲ ਇਸ ਮਾਮਲੇ ਸਬੰਧੀ ਸੁਰਾਗ ਸਨ, ਜਿਸ ਦੇ ਆਧਾਰ ’ਤੇ ਰਾਮਗੜ੍ਹ ਚੌਕੀ ਤੋਂ ਏਐਸਆਈ ਬਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਕੁਲਾਹੜ ਵਿਚ ਛਾਪੇਮਾਰੀ ਕਰਨ ਗਈ।

ਦੂਜੇ ਪਾਸੇ ਜਗਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਬਿਨਾਂ ਕਿਸੇ ਸੰਮਨ ਦੇ ਜਗਜੀਤ ਨੂੰ ਲੈਣ ਆਈ ਸੀ। ਉਨ੍ਹਾਂ ਦੇ ਨਾਲ ਕੁਝ ਨਿੱਜੀ ਲੋਕ ਵੀ ਸਨ। ਇਸ ਸਬੰਧੀ ਉਸ ਨੇ ਮਲੌਦ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ