ਭਰਾਵਾਂ ਨੇ ਭੈਣ ਨਾਲ ਲਿਵ-ਇਨ ‘ਚ ਰਹਿੰਦੇ ਮੁੰਡੇ ਦਾ ਸਿਰ ‘ਚ ਹਥੌੜੇ ਮਾਰ-ਮਾਰ ਬੇਰਹਿਮੀ ਨਾਲ ਕੀਤਾ ਕਤਲ

0
1174

ਮਹਾਰਾਸ਼ਟਰ| ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਦੋ ਭਰਾਵਾਂ ਨੇ ਅਪਣੇ ਇਕ ਦੋਸਤ ਨਾਲ ਮਿਲ ਕੇ ਆਪਣੀ ਭੈਣ ਦੇ ਲਿਵ-ਇਨ ਪਾਰਟਨਰ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਹਥੌੜੇ ਨਾਲ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਕਤਲ ਕਰਨ ਤੋਂ ਬਾਅਦ ਦੋਵੇਂ ਭਰਾਵਾਂ ਨੇ ਲਾਸ਼ ਨੂੰ ਨਦੀ ‘ਚ ਸੁੱਟ ਦਿਤਾ। ਪੁਲਿਸ ਵਲੋਂ ਦਰਿਆ ‘ਚ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਕਲਿਆਣ ਪੁਲਿਸ ਨੇ ਸ਼ਨੀਵਾਰ ਨੂੰ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਤਾਬਕ ਮ੍ਰਿਤਕ ਸ਼ਾਹਬਾਜ਼ ਸ਼ੇਖ ਮੁਲਜ਼ਮਾਂ ਦੀ ਭੈਣ ਮੁਮਤਾਜ਼ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਸੀ। ਚਾਰ ਸਾਲ ਪਹਿਲਾਂ ਮੁਮਤਾਜ਼ ਦਾ ਤਲਾਕ ਹੋ ਗਿਆ ਸੀ। ਸ਼ਾਹਬਾਜ਼ ਅਤੇ ਮੁਮਤਾਜ਼ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਜਿਸ ਕਾਰਨ ਭਰਾਵਾਂ ਨੇ ਅਪਣੇ ਦੋਸਤ ਨਾਲ ਮਿਲ ਕੇ ਸ਼ਾਹਬਾਜ਼ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ।

ਮੁਮਤਾਜ਼ ਦੇ ਦੋ ਭਰਾ ਸ਼ੋਏਬ ਸ਼ੇਖ, ਇਰਸ਼ਾਦ ਸ਼ੇਖ ਅਤੇ ਉਨ੍ਹਾਂ ਦੇ ਦੋਸਤ ਹੇਮੰਤ ਬਿਚਵੜੇ ਨੇ ਸ਼ਾਹਬਾਜ਼ ਨੂੰ ਰਿਕਸ਼ੇ ‘ਚ ਬਿਠਾਇਆ ਅਤੇ ਉਸ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਕਿਸੇ ਸੁੰਨਸਾਨ ਜਗ੍ਹਾ ‘ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਸ਼ਾਹਬਾਜ਼ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕੀਤਾ। ਪੁਲਿਸ ਨੂੰ ਕੋਈ ਸਬੂਤ ਮਿਲੇ ਇਸ ਲਈ ਉਨ੍ਹਾਂ ਨੇ ਲਾਸ਼ ਨੂੰ ਉਲਹਾਸ ਨਦੀ ਵਿਚ ਸੁੱਟ ਦਿਤਾ।

ਸ਼ਾਹਬਾਜ਼ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਖੜਕਪਾੜਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਸਬ-ਇੰਸਪੈਕਟਰ ਸਰਜੇਰਾਓ ਪਾਟਿਲ ਨੇ ਟੀਮ ਨਾਲ ਜਾਂਚ ਸ਼ੁਰੂ ਕਰ ਦਿਤੀ। ਪੁਲਿਸ ਨੇ ਮੁਮਤਾਜ਼ ਦੇ ਦੋਵੇਂ ਭਰਾਵਾਂ ਅਤੇ ਦੋਸਤ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਨੇ ਅਪਣਾ ਜੁਰਮ ਕਬੂਲ ਕਰ ਲਿਆ। ਤਿੰਨਾਂ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।