ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਹੋਵੇਗੀ ਖਾਸ ਚਰਚਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਪੁਸ਼ਟੀ
ਚੰਡੀਗੜ੍ਹ, 15 ਨਵੰਬਰ | ਪੰਜਾਬ ਕੈਬਿਨੇਟ ਨੇ ਅੱਜ ਹੋਈ ਮਹੱਤਵਪੂਰਨ ਮੀਟਿੰਗ ਦੌਰਾਨ ਇਕ ਇਤਿਹਾਸਕ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਨੰਦਪੁਰ ਸਾਹਿਬ ਵਿੱਚ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਅਧਿਕਾਰਿਕ ਜਾਣਕਾਰੀ ਦਿੱਤੀ।
ਚੀਮਾ ਨੇ ਦੱਸਿਆ ਕਿ ਸੈਸ਼ਨ ਦਾ ਮੁੱਖ ਕੇਂਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਰਚਾ ਹੋਵੇਗੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖਤਾ, ਧਰਮ ਅਤੇ ਆਜ਼ਾਦੀ ਲਈ ਬੇਮਿਸਾਲ ਪ੍ਰਤੀਕ ਹੈ ਅਤੇ ਇਸ ਮਹੱਤਵਪੂਰਨ ਮੌਕੇ ਨੂੰ ਇਤਿਹਾਸਕ ਢੰਗ ਨਾਲ ਸੰਮਾਨਿਤ ਕਰਨ ਲਈ ਇਹ ਸੈਸ਼ਨ ਅਨੰਦਪੁਰ ਸਾਹਿਬ ‘ਚ ਰੱਖਿਆ ਗਿਆ ਹੈ।
ਇਹ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਖਾਲਸੇ ਦੀ ਧਰਤੀ ‘ਤੇ ਬੈਠੇਗੀ। ਫ਼ੈਸਲੇ ਤੋਂ ਬਾਅਦ ਰਾਜਨੀਤਿਕ ਪੱਖੋਂ ਵੀ ਇਸ ਸੈਸ਼ਨ ਨੂੰ ਲੈ ਕੇ ਚਰਚਾ ਤੀਬਰ ਹੋ ਗਈ ਹੈ ਅਤੇ ਪੂਰੇ ਰਾਜ ਦੀ ਨਜ਼ਰ ਹੁਣ 24 ਨਵੰਬਰ ਦੇ ਇਸ ਇਤਿਹਾਸਕ ਸੈਸ਼ਨ ‘ਤੇ ਟਿਕੀ ਹੋਈ ਹੈ।








































