ਬ੍ਰੇਕਿੰਗ : ਖੰਨਾ ‘ਚ ਲੜਕੀ ਨਾਲ ਥਾਣੇ ‘ਚ ਅਸ਼ਲੀਲ ਹਰਕਤਾਂ ਕਰਨ ਵਾਲੇ ਚੌਕੀ ਇੰਚਾਰਜ ਤੇ ASI ਗ੍ਰਿਫ਼ਤਾਰ

0
588

ਖੰਨਾ, 7 ਅਕਤੂਬਰ | ਪੁਲਿਸ ਜ਼ਿਲ੍ਹਾ ਖੰਨਾ ’ਚ ਰੌਣੀ ਚੌਕੀ ’ਚ ਲੜਕੀ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ ’ਚ ਚੌਕੀ ਇੰਚਾਰਜ ਬਲਵੀਰ ਸਿੰਘ ਤੇ ਉਸ ਦੇ ਸਾਥੀ ਏਐੱਸਆਈ ਹਰਮੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਵਿਭਾਗੀ ਕਾਰਵਾਈ ਕਰਦਿਆਂ ਮੁਅੱਤਲ ਵੀ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਕ ਲੜਕੀ ਦਾ ਆਪਣੇ ਪ੍ਰੇਮੀ ਨਾਲ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਬਲਵੀਰ ਸਿੰਘ ਜਾਂਚ ਕਰ ਰਹੇ ਸਨ। ਲੜਕੀ ਸ਼ਿਕਾਇਤ ਦੇ ਸਿਲਸਿਲੇ ’ਚ ਅਕਸਰ ਚੌਕੀ ਆਉਂਦੀ ਸੀ। ਇਸ ਦੌਰਾਨ ਲੜਕੀ ਨੇ ਆਪਣੇ ਪ੍ਰੇਮੀ ਨਾਲ ਸਮਝੌਤਾ ਕਰ ਲਿਆ। ਇਸ ਤੋਂ ਬਾਅਦ ਲੜਕੀ ਨੇ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਨੂੰ ਸ਼ਿਕਾਇਤ ਕੀਤੀ, ਜਿਸ ’ਚ ਦੋਸ਼ ਲਾਇਆ ਗਿਆ ਕਿ ਜਦੋਂ ਉਸ ਨੂੰ ਚੌਕੀ ਬੁਲਾਇਆ ਜਾਂਦਾ ਸੀ ਤਾਂ ਚੌਕੀ ਇੰਚਾਰਜ ਬਲਵੀਰ ਸਿੰਘ ਤੇ ASI ਹਰਮੀਤ ਸਿੰਘ ਉਸ ਨਾਲ ਛੇੜਖਾਨੀ ਕਰਦੇ ਸਨ ਤੇ ਅਸ਼ਲੀਲ ਟਿੱਪਣੀਆਂ ਕਰਦੇ ਸਨ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮੁਅੱਤਲ ਵੀ ਕਰ ਦਿੱਤਾ।

ਐੱਸਐੱਸਪੀ ਨੇ ਲੜਕੀ ਦਾ ਮਾਮਲਾ ਹੋਣ ’ਤੇ ਆਪਣੇ ਪੱਧਰ ’ਤੇ ਜਾਂਚ ਕਰਵਾਈ, ਜਿਸ ’ਚ ਲੜਕੀ ਦੇ ਦੋਸ਼ ਸਹੀ ਪਾਏ ਗਏ। 6 ਅਕਤੂਬਰ ਨੂੰ ਚੌਕੀ ਇੰਚਾਰਜ ਬਲਵੀਰ ਸਿੰਘ ਤੇ ਏਐੱਸਆਈ ਹਰਮੀਤ ਸਿੰਘ ਖ਼ਿਲਾਫ਼ ਪਾਇਲ ਥਾਣੇ ’ਚ ਆਈਪੀਸੀ ਦੀ ਧਾਰਾ 354ਏ, 166ਏ, 294, 506, 34 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਵਾਂ ਨੂੰ ਇਕੱਠਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਸਐੱਸਪੀ ਕੌਂਡਲ ਨੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਕੋਈ ਵੀ ਹੋਵੇ, ਕਾਨੂੰਨ ਸਭ ਲਈ ਬਰਾਬਰ ਹੈ।