ਜਲੰਧਰ, 25 ਅਕਤੂਬਰ | ਅੱਜ ਜਲੰਧਰ ਵਿਚ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਰਾਮਾਮੰਡੀ ਥਾਣੇ ਵਿਚ ਪਹੁੰਚ ਕੇ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਥਾਣੇ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਥਾਣੇ ਅੰਦਰ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਡੀਜੀਪੀ ਗੌਰਵ ਯਾਦਵ ਨੇ ਥਾਣੇ ਵਿਚ ਮੌਜੂਦ ਅਧਿਕਾਰੀਆਂ ਨੂੰ ਕਾਰਵਾਈ ਕਰਨ ਵਿਚ ਕੋਈ ਲਾਪਰਵਾਹੀ ਨਾ ਵਰਤਣ ਦੇ ਹੁਕਮ ਦਿੱਤੇ।
ਦੱਸ ਦੇਈਏ ਕਿ ਅੱਜ ਸਵੇਰੇ ਜਦੋਂ ਡੀਜੀਪੀ ਗੌਰਵ ਯਾਦਵ ਦੇ ਜਲੰਧਰ ਆਉਣ ਦੀ ਸੂਚਨਾ ਮਿਲੀ ਤਾਂ ਪੂਰੇ ਜ਼ਿਲੇ ਦੇ ਪੁਲਿਸ ਅਧਿਕਾਰੀ ਚੌਕਸ ਹੋ ਗਏ। ਜਦੋਂ ਡੀਜੀਪੀ ਗੌਰਵ ਯਾਦਵ ਸਖ਼ਤ ਸੁਰੱਖਿਆ ਦਰਮਿਆਨ ਥਾਣੇ ਪੁੱਜੇ ਤਾਂ ਉੱਥੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਜੇਸੀਪੀ ਸੰਦੀਪ ਸ਼ਰਮਾ, ਡੀਸੀਪੀ ਆਦਿਤਿਆ, ਏਸੀਪੀ ਨਿਰਮਲ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਸਨ। ਡੀਜੀਪੀ ਨੇ ਕਰੀਬ ਅੱਧਾ ਘੰਟਾ ਥਾਣੇ ਵਿਚ ਬਿਤਾਇਆ। ਜਿੱਥੇ ਉਨ੍ਹਾਂ ਨੇ ਪੁਲਿਸ ਵੱਲੋਂ ਕੀਤੇ ਜਾ ਰਹੇ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਡੀਜੀਪੀ ਗੌਰਵ ਯਾਦਵ ਨੇ ਜਲੰਧਰ ਤੋਂ ਪਹਿਲਾਂ ਲੁਧਿਆਣਾ ਦਾ ਨਿਰੀਖਣ ਕੀਤਾ ਸੀ। ਜਿੱਥੇ ਉਨ੍ਹਾਂ ਸਨਅਤਕਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਤੋਂ ਫੀਡਬੈਕ ਲਿਆ ਅਤੇ ਭਵਿੱਖ ਵਿੱਚ ਅਪਰਾਧਾਂ ਨੂੰ ਕਾਬੂ ਕਰਨ ਬਾਰੇ ਗੱਲਬਾਤ ਕੀਤੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਪੰਜਾਬ ਵਿਚ ਜਲਦੀ ਹੀ 10 ਹਜ਼ਾਰ ਨਵੀਂ ਪੁਲਿਸ ਭਰਤੀ ਹੋਣ ਜਾ ਰਹੀ ਹੈ। ਲੁਧਿਆਣਾ ਵਿਚ ਇੱਕ ਸਵਾਲ ਦੇ ਜਵਾਬ ਵਿਚ ਡੀਜੀਪੀ ਨੇ ਦੱਸਿਆ ਕਿ 14 ਨਵੇਂ ਪੀਸੀਆਰ ਵਾਹਨ ਭੇਜੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਵਾਹਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਦਿੱਤੇ ਜਾਣਗੇ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)