ਬ੍ਰੇਕਿੰਗ : ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘ ‘ਤੇ ਹਮਲਾ

0
1071

ਸੁਲਤਾਨਪੁਰ ਲੋਧੀ | ਸੁਲਤਾਨਪੁਰ ਲੋਧੀ ਤੋਂ ਖਬਰ ਸਾਹਮਣੇ ਆਈ ਹੈ। ਇਕ ਵਿਅਕਤੀ ਵਲੋਂ ਗ੍ਰੰਥੀ ਸਿੰਘ ‘ਤੇ ਹਮਲਾ ਕੀਤਾ ਗਿਆ। ਇਹ ਮਾਮਲਾ ਗੁਰਦੁਆਰਾ ਸ੍ਰੀ ਹੱਟ ਸਾਹਿਬ ਦਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਵਲੋਂ ਗ੍ਰੰਥੀ ਸਿੰਘ ਤੋਂ ਇਲਾਵਾ ਸੇਵਾਦਾਰਾਂ ਨਾਲ ਵੀ ਬਦਸਲੂਕੀ ਕੀਤੀ ਗਈ। ਪੱਟ ਉਤੇ ਥਾਪੀਆਂ ਵੀ ਮਾਰੀਆਂ। ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਗੁਰੂਘਰ ਵਿਚ ਮੂੰਹ ਉਤੇ ਕੱਪੜਾ ਪਾ ਕੇ ਆਇਆ ਸੀ। ਗ੍ਰੰਥੀ ਸਿੰਘ ਵਲੋਂ ਸਿਰਫ ਮੂੰਹ ਤੋਂ ਕੱਪੜਾ ਉਤਾਰਨ ਲਈ ਕਿਹਾ ਗਿਆ ਤਾਂ ਇਹ ਵਿਅਕਤੀ ਭੜਕ ਗਿਆ ਤੇ ਸੇਵਾਦਾਰਾਂ ਉਤੇ ਵੀ ਹਮਲਾਵਰ ਹੋ ਗਿਆ।

ਵਿਅਕਤੀ ਨੇ ਗ੍ਰੰਥੀ ਸਿੰਘ ਵੀ ਜ਼ਖਮੀ ਕਰ ਦਿੱਤਾ ਤੇ ਸਭ ਨਾਲ ਲੜਨਾ ਸ਼ੁਰੂ ਕਰ ਦਿੱਤਾ। ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਆਰੋਪੀ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਜਾਣਕਾਰੀ ਅਨੁਸਾਰ ਜ਼ਖ਼ਮੀ ਗ੍ਰੰਥੀ ਸਿੰਘ ਅੰਮ੍ਰਿਤਪਾਲ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਅਤੇ ਮੀਤ ਮੈਨੇਜਰ ਭਾਈ ਚੈਂਚਲ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਾ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ ਤਾਂ ਇਕ ਵਿਅਕਤੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਅੰਦਰ ਆਇਆ, ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ।

ਅੱਖਾਂ ’ਤੇ ਐਨਕਾਂ ਲਗਾ ਕੇ ਚਿਹਰਾ ਛੁਪਾਇਆ ਹੋਇਆ ਸੀ, ਜਿਸ ਨੂੰ ਵੇਖ ਕੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ਨੂੰ ਸ਼ੱਕ ਹੋਇਆ ਅਤੇ ਉਸ ਨੇ ਵਿਅਕਤੀ ਨੂੰ ਮੂੰਹ ਤੋਂ ਕੱਪੜਾ ਉਤਾਰਨ ਲਈ ਕਿਹਾ, ਜਿਸ ’ਤੇ ਉਸ ਵਿਅਕਤੀ ਨੇ ਸਿਰੀ ਸਾਹਿਬ ਕੱਢ ਕੇ ਮਾਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਅੰਦਰ ਥਾਪੀਆਂ ਮਾਰਨ ਲੱਗ ਪਿਆ।  

ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਸੰਗਤ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੁਝ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲਿਜਾ ਕੇ ਉਸ ਦੀ ਕੁੱਟਮਾਰ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ ’ਤੇ ਪੁੱਜ ਗਏ ਅਤੇ ਸੰਗਤਾਂ ਕੋਲੋਂ ਇਸ ਵਿਅਕਤੀ ਨੂੰ ਛੁਡਵਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੈਨੇਜਰਾਂ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਦਾੜ੍ਹੀ ਕੱਟੀ ਹੋਈ ਹੈ ਅਤੇ ਕਮੀਜ਼ ਦੇ ਹੇਠਾਂ ਸਿਰੀ ਸਾਹਿਬ ਵੀ ਪਾਈ ਹੋਈ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਸੇਵਾਦਾਰਾਂ ਦੀ ਚੌਕਸੀ ਸਦਕਾ ਸ਼ੱਕੀ ਵਿਅਕਤੀ ਪਹਿਲਾਂ ਹੀ ਕਾਬੂ ਕਰ ਲਿਆ ਗਿਆ।