‘ਹਰੇ ਰੰਗ ਦੀ ਕਵਿਤਾ’ ਦਾ ਸੇਕ

0
7657

‘ਹਰੇ ਰੰਗ ਦੀ ਕਵਿਤਾ’ ਪੰਜਾਬੀ ਦੇ ਬਹੁਤ ਹੀ ਪ੍ਰਸਿਧ ਗਲਪਕਾਰ/ਕਵੀ ਗੁਲ ਚੌਹਾਨ ਦੀ ਤਾਜ਼ਾ ਕਵਿਤਾ ਦਾ ਰੰਗ ਹੈ। ਉਹ ਅਨੂਠਾ ਗਲਪਕਾਰ ਹੈ/ ਵਿਚਿਤਰ ਕਵੀ ਹੈ। ਉਹਦੀ ਕਵਿਤਾ ‘ਚ ਸ਼ਬਦਾਂ ਦਾ ਰਖ/ਰਖਾਓ ਤੇ ਉਹਨਾਂ ਦੀ ਧਵਨੀ ‘ਚੋਂ ਪੈਦਾ ਹੁੰਦਾ ਸੰਗੀਤ ਦਾ ਲਗਾਓ ਕਵਿਤਾ ਨੂੰ ਇਕਹਿਰੀ ਨਹੀਂ ਰਹਿਣ ਦਿੰਦਾ, ਬਲਕਿ ਬਹੁ-ਪਰਤੀ/ਬਹੁ-ਆਯਾਮੀ ਬਣਾ ਦਿੰਦਾ ਹੈ। ਗੁਲ ਕੋਲ ਸੈਕਸ ਦੀ ਸੈਲੀਬ੍ਰੇਸ਼ਨ ਹੈ। ਉਹਦਾ ਕਾਵਿ-ਪਾਤਰ ਕਿਤੇ ਵੀ ਕੁੰਠਿਤ ਨਜ਼ਰ ਨਹੀਂ ਆਉਂਦਾ। ਉਹਦੇ ਕੋਲ ਸਹਿਜ ਸੁਹਜ ਹੈ। ਉਹਦੀ ਕਵਿਤਾ ਸਮਕਾਲ ਨੂੰ ਤਿਰਛੀ ਮਾਰ ਮਾਰਦੀ ਹੈ। ਉਹ ਗੁਲਮੋਹਰ ਤੋਂ ਵਿਛੁੰਨ ਦਿੱਤੇ ਪਾਤਰ ਦੀ ਮਨੋ-ਸਥਿਤੀ ਦਾ ਜ਼ਾਇਕਾ ਇੰਝ ਚੱਖਦਾ ਹੈ, ਜਿਵੇਂ ਕੋਈ ਖ਼ੁਦ ਦੇ ਖੂਨ ਦਾ ਸਵਾਦ ਦੇਖ ਰਿਹਾ ਹੋਵੇ। ਉਹ ਪਥਰਾਅ ਗਈ ਅੱਖ ਦੇ ਸੇਕ ਦਾ ਕਵੀ ਹੈ। ਉਹਦੀ ਕਵਿਤਾ ਦਾ ਰੰਗ ਸਿਰਫ ਹਰਾ ਨਹੀਂ ਹੈ, ਅਨੇਕ ਰੰਗ ਦੀ ਕਵਿਤਾ ਉਹ ਕਹਿੰਦਾ ਹੈ। ਬਲਕਿ ਕਵਿਤਾ ਉਹਨੂੰ ਕਹਿੰਦੀ ਹੈ। ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਵਿਤਾ ਕਵੀ ਨੂੰ ਲਿਖ ਰਹੀ ਹੈ। ਤਦੇ ਉਹਦੀ ਕਵਿਤਾ ਨਵੀਂ/ਤਾਜ਼ਾ ਹੈ, ਸਮੇਂ ਦੇ ਸੀਨੇ ‘ਚ ਸੁਰਾਖ ਕਰ ਦੇਣ ਦੀ ਤਾਕਤ ਰੱਖਣ ਵਾਲੀ। ਇਸ ਕਿਤਾਬ ਦੇ ਪ੍ਰਕਾਸ਼ਕ ‘ਚੇਤਨਾ ਪ੍ਰਕਾਸ਼ਨ, ਲੁਧਿਆਣਾ’ ਹੈ ਅਤੇ 160 ਸਫਿਆਂ ਦੀ ਇਸ ਸਜਿਲਦ ਕਿਤਾਬ ਦੀ ਕੀਮਤ 250 ਰੁਪਏ ਹੈ। ਸਵਾਗਤ! – ਦੇਸ ਰਾਜ ਕਾਲੀ