ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧ ਰਹੇ ਪ੍ਰਦਰਸ਼ਕਾਰੀਆਂ ਤੇ ਪੁਲਿਸ ਵਿਚਾਲੇ ਖੂਨੀ ਟਕਰਾਅ, 2 DSP, ਕਈ ਪੁਲਿਸ ਮੁਲਾਜ਼ਮ ਤੇ ਪ੍ਰਦਰਸ਼ਕਾਰੀ ਜ਼ਖਮੀ

0
942

ਮੋਰਿੰਡਾ/ਰੂਪਨਗਰ | ਮੋਰਿੰਡਾ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਤੇ ਪੁਲਿਸ ਵਿਚਾਲੇ ਉਸ ਵੇਲੇ ਖੂਨੀ ਟਕਰਾਅ ਹੋ ਗਿਆ, ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ਵੱਲ ਪੁਲਿਸ ਦੇ ਰੋਕਣ ਦੇ ਬਾਵਜੂਦ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਭਾਰੀ ਵਰਕਰਾਂ ਦੇ ਸਮੂਹ ਤੇ ਪੁਲਿਸ ਵਿਚਾਲੇ ਜਦੋਂ ਬਹਿਸ ਚੱਲ ਰਹੀ ਸੀ ਤਾਂ ਅਚਾਨਕ ਪੱਥਰਬਾਜ਼ੀ ਸ਼ੁਰੂ ਹੋ ਗਈ, ਜਿਸ ਵਿੱਚ ਡੀਐੱਸਪੀ ਪੱਧਰ ਦੇ 2 ਪੁਲਿਸ ਅਧਿਕਾਰੀ ਤੇ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।

ਗੁੱਸੇ ‘ਚ ਆਈ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ, ਜਿਸ ਵਿੱਚ ਕਈ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੱਜੀਆਂ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਪੁਲਿਸ ਸੂਤਰਾਂ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਪਹਿਲਾਂ ਹੀ ਆਪਣੇ ਥੈਲਿਆਂ ‘ਚ ਇੱਟਾਂ-ਪੱਥਰ ਭਰ ਕੇ ਲਿਆਏ ਸਨ, ਜਿਸ ਬਾਰੇ ਪੁਲਿਸ ਨੂੰ ਉਸ ਵੇਲੇ ਹੀ ਪਤਾ ਲੱਗਾ, ਜਦੋਂ ਅਚਾਨਕ ਉਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।

ਉਧਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਾਠੀਚਾਰਜ ਕਰਨ ਤੋਂ ਬਾਅਦ ਹੀ ਕੁਝ ਲੋਕਾਂ ਨੇ ਪੁਲਿਸ ਵੱਲ ਪੱਥਰ ਸੁੱਟੇ। ਦੱਸਿਆ ਗਿਆ ਹੈ ਕਿ 21 ਅਕਤੂਬਰ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਚੰਨੀ ਨਾਲ ਗੱਲਬਾਤ ਲਈ ਮੀਟਿੰਗ ਰੱਖੀ ਹੋਈ ਹੈ।