ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਕਸ਼ਨ, ਜਲੰਧਰ ਦੇ 5 ਆਗੂਆਂ ਨੂੰ ਪਾਰਟੀ ‘ਚੋਂ ਕੱਢਿਆ, ਆਪ ‘ਚ ਹੋ ਸਕਦੇ ਨੇ ਸ਼ਾਮਲ

0
1394

ਜਲੰਧਰ, 10 ਦਸੰਬਰ | ਪੰਜਾਬ ਵਿਚ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਪਾਰਟੀ ਤਬਦੀਲੀ ਅਤੇ ਕਾਰਵਾਈ ਦਾ ਦੌਰ ਸ਼ੁਰੂ ਹੋ ਗਿਆ ਹੈ। ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ। ਅੱਜ ਕਾਰਵਾਈ ਕਰਦਿਆਂ ਭਾਜਪਾ ਨੇ ਪੱਛਮੀ ਹਲਕੇ ਦੇ ਕਰੀਬ ਪੰਜ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਸਾਰੇ ਆਗੂ ਜਲਦੀ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ।

ਜਲੰਧਰ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਹ ਫੈਸਲਾ ਲਿਆ ਹੈ। ਮੁਅੱਤਲ ਕੀਤੇ ਆਗੂਆਂ ਵਿਚ ਵਿਨੀਤ ਧੀਰ, ਸੌਰਭ ਸੇਠ, ਕੁਲਜੀਤ ਹੈਪੀ, ਗੁਰਮੀਤ ਚੌਹਾਨ ਅਤੇ ਅਮਿਤ ਲੁਧਰਾ ਸ਼ਾਮਲ ਹਨ। ਸਾਰੇ ਜਲੰਧਰ ਭਾਜਪਾ ਦੇ ਸਰਗਰਮ ਮੈਂਬਰ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਾਰੇ ਆਗੂ ਕੁਝ ਦਿਨਾਂ ਤੋਂ ਇਕੱਠੇ ਹੋ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ, ਜਿਸ ਕਾਰਨ ਪੱਛਮੀ ਵਿਧਾਨ ਸਭਾ ਹਲਕੇ ਦਾ ਕਾਫੀ ਨੁਕਸਾਨ ਹੋ ਸਕਦਾ ਸੀ। ਭਾਜਪਾ ਨੇ ਸਾਰੇ ਤੱਥਾਂ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ।

ਇਹ ਵੀ ਚਰਚਾ ਹੈ ਕਿ ਸਾਰੇ ਆਗੂ ਜਲਦੀ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਸਾਰੇ ਆਮ ਆਦਮੀ ਪਾਰਟੀ ਦੇ ਸੰਪਰਕ ਵਿਚ ਹਨ। ਹਾਲਾਂਕਿ ਆਗੂਆਂ ਵੱਲੋਂ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਸ ਸਬੰਧੀ ਪੱਛਮੀ ਵਿਧਾਨ ਸਭਾ ਹਲਕੇ ਵਿਚ ਹਲਚਲ ਮਚ ਗਈ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)