ਕੋਲਕਾਤਾ | ਪੱਛਮੀ ਬੰਗਾਲ ਦੇ ਇੱਕ ਪ੍ਰਾਇਮਰੀ ਸਕੂਲ ਦੇ ਸ਼ਿਸ਼ੂ ਸਿੱਖਿਆ ਕੇਂਦਰ ਦੇ 5 ਕੰਟਰੈਕਟ ਅਧਿਆਪਕਾਂ ਨੇ ਮੰਗਲਵਾਰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਬਾਹਰ ਕਥਿਤ ਤੌਰ ‘ਤੇ ਜ਼ਹਿਰ ਖਾ ਲਿਆ। ਇਹ ਸਾਰੇ ਅਧਿਆਪਕ ਨੌਕਰੀ ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਸਾਰਿਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ‘ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਘਟਨਾ ਵਿਕਾਸ ਭਵਨ ਦੇ ਸਾਹਮਣੇ ਵਾਪਰੀ ਜਦੋਂ ਸਕੂਲ ਦੇ ਕੁਝ ਕੰਟਰੈਕਟ ਅਧਿਆਪਕ ਆਪਣੇ ਘਰਾਂ ਤੋਂ ਤਕਰੀਬਨ 600 ਤੋਂ 700 ਕਿਲੋਮੀਟਰ ਦੂਰ ਇਲਾਕਿਆਂ ਵਿੱਚ ਉਨ੍ਹਾਂ ਦੇ ਕਥਿਤ ਤਬਾਦਲੇ ਵਿਰੁੱਧ ਅਧਿਆਪਕ ਓਕਿਆ ਮੰਚ (ਅਧਿਆਪਕ ਏਕਤਾ ਮੰਚ) ਦੇ ਬੈਨਰ ਹੇਠ ਅੰਦੋਲਨ ਕਰ ਰਹੇ ਸਨ। ਜਦੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰੋਹ ਵਿੱਚ ਆਏ ਅਧਿਆਪਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ 5 ਅਧਿਆਪਕਾਵਾਂ ਨੇ ਜ਼ਹਿਰ ਦੀ ਬੋਤਲ ਕੱਢ ਕੇ ਪੀ ਲਈ।
ਪੁਲਿਸ ਅਨੁਸਾਰ ਉਨ੍ਹਾਂ ਵਿੱਚੋਂ ਤਿੰਨ ਮੌਕੇ ‘ਤੇ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ‘ਚੋਂ ਦੋ ਦੀ ਹਾਲਤ ਜ਼ਿਆਦਾ ਖਰਾਬ ਹੋਣ ‘ਤੇ ਐੱਨਆਰਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ, ਜਦੋਂ ਕਿ ਬਾਕੀਆਂ ਨੂੰ ਆਰਜ਼ੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜਿਆ ਗਿਆ।
ਕੀ ਕਹਿਣਾ ਹੈ ਅੰਦੋਲਨਕਾਰੀ ਅਧਿਆਪਕਾਂ ਦਾ
ਕੰਟਰੈਕਟ ਅਧਿਆਪਕ, ਜੋ ਸਰਕਾਰੀ ਪੇ-ਰੋਲ ਵਿੱਚ ਨਹੀਂ ਹਨ ਪਰ ਉਨ੍ਹਾਂ ਨੂੰ 10,000 ਤੋਂ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਉਹ ਲੰਮੇ ਸਮੇਂ ਤੋਂ ਸਥਾਈ ਨੌਕਰੀ ਅਤੇ ਤਨਖਾਹ ਵਿੱਚ ਵਾਧੇ ਸਮੇਤ ਕਈ ਮੁੱਦਿਆਂ ‘ਤੇ ਅੰਦੋਲਨ ਕਰ ਰਹੇ ਹਨ।
ਇੱਕ ਅੰਦੋਲਨਕਾਰੀ ਅਧਿਆਪਕ ਨੇ ਕਿਹਾ, “ਅਸੀਂ ਠੇਕੇ ‘ਤੇ ਰੱਖੇ ਅਧਿਆਪਕ ਹਾਂ, ਜੇਕਰ ਨਵੀਂ ਸਿੱਖਿਆ ਨੀਤੀ ਲਾਗੂ ਹੁੰਦੀ ਹੈ ਤਾਂ ਸਾਨੂੰ ਰੋਜ਼ਗਾਰ ਨਹੀਂ ਮਿਲੇਗਾ। ਅਸੀਂ ਲੰਮੇ ਸਮੇਂ ਤੋਂ ਸਰਕਾਰ ਨੂੰ ਸਾਡੀਆਂ ਮੰਗਾਂ ਸੁਣਨ ਦੀ ਮੰਗ ਕਰ ਰਹੇ ਹਾਂ ਪਰ ਇਹ ਕੋਈ ਧਿਆਨ ਦੇਣ ਲਈ ਤਿਆਰ ਨਹੀਂ ਹੈ।”
ਇਕ ਹੋਰ ਅਧਿਆਪਕ ਨੇ ਕਿਹਾ, “ਹਾਲ ਹੀ ਵਿੱਚ ਅਸੀਂ ਵਿਰੋਧ ਕੀਤਾ ਸੀ ਅਤੇ ਉਸ ਤੋਂ ਬਾਅਦ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।”