ਅੰਮ੍ਰਿਤਸਰ, 10 ਜਨਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਧੁੰਦ ਅਤੇ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਵੱਲੋਂ 7 ਤੋਂ 14 ਜਨਵਰੀ ਤੱਕ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਦੇ ਬਾਵਜੂਦ ਪ੍ਰਾਈਵੇਟ ਸਕੂਲ ਖੁੱਲ੍ਹ ਰਹੇ ਹਨ। ਹਾਲਾਂਕਿ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ 4 ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ ਜਾਰੀ ਹੋਣ ਦੇ ਬਾਵਜੂਦ ਸਰਕਾਰੀ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਠੰਡ ਨਾਲ ਕੰਬਦੇ ਹੋਏ ਵਿਦਿਆਰਥੀ ਕਲਾਸਾਂ ਵਿਚ ਜਾਣ ਲਈ ਸਕੂਲਾਂ ਵਿਚ ਪਹੁੰਚ ਰਹੇ ਹਨ। ਛੁੱਟੀ ਦੇ ਦੂਜੇ ਦਿਨ 9ਵੀਂ ਤੇ 10ਵੀਂ ਜਮਾਤ ਦੇ 400 ਦੇ ਕਰੀਬ ਵਿਦਿਆਰਥੀ ਮਾਪੇ-ਅਧਿਆਪਕ ਮੀਟ ਲਈ ਸ਼ਹਿਰ ਦੇ ਨਾਮਵਰ ਡੀਏਵੀ ਪਬਲਿਕ ਸਕੂਲ, ਲਾਰੈਂਸ ਰੋਡ ਵਿਖੇ ਪੁੱਜੇ।
ਪੇਰੈਂਟਸ ਟੀਚਰ ਮੀਟ ਸਵੇਰੇ 10.45 ਵਜੇ ਤੋਂ ਦੁਪਹਿਰ 12.15 ਵਜੇ ਤੱਕ ਸੀ। ਕੜਾਕੇ ਦੀ ਠੰਡ ਕਾਰਨ ਮਾਪੇ ਤੇ ਵਿਦਿਆਰਥੀ ਪ੍ਰੇਸ਼ਾਨ ਸਨ ਪਰ ਸਕੂਲ ਪ੍ਰਬੰਧਕਾਂ ਨੇ ਨਾ ਤਾਂ ਮਾਪੇ-ਅਧਿਆਪਕ ਮਿਲਣੀ ਦਾ ਸਮਾਂ ਬਦਲਿਆ ਅਤੇ ਨਾ ਹੀ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਛੋਟ ਦਿੱਤੀ। ਦੂਜੇ ਪਾਸੇ ਡੀਏਵੀ ਪਬਲਿਕ ਸਕੂਲ ਵਿਚ 11ਵੀਂ ਜਮਾਤ ਦੀ ਪ੍ਰੀਖਿਆ ਲਈ ਗਈ। ਬ੍ਰਾਈਟਲੈਂਡ ਸਕੂਲ, ਮਾਡਲ ਸਟੱਡੀ ਸਕੂਲ ਮਜੀਠਾ ਰੋਡ ਨੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਬੁਲਾ ਕੇ ਸਕੂਲ ਵਿਚ ਹੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਲਈ ਆਖਿਆ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਖਾਸਾ ਬਾਜ਼ਾਰ ਦੇ 12ਵੀਂ ਜਮਾਤ ਦੇ ਵਿਦਿਆਰਥੀ ਮਹਾਬੀਰ ਸਿੰਘ ਦੀ ਮੰਗਲਵਾਰ ਸਵੇਰੇ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਸਵੇਰੇ ਘਰ ਤੋਂ ਸਕੂਲ ਆ ਰਿਹਾ ਸੀ। ਇਸ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਰੁਕ ਨਹੀਂ ਰਹੀ।
ਦੂਜੇ ਪਾਸੇ ਸੁਸ਼ੀਲ ਤੁਲੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਅੱਜ ਉਨ੍ਹਾਂ ਨੇ ਸਕੂਲ ਖੋਲ੍ਹਣ ’ਤੇ ਚਾਰ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜੇਕਰ ਸਕੂਲ ਪ੍ਰਬੰਧਕਾਂ ਨੇ ਸੁਧਾਰ ਨਾ ਕੀਤਾ ਤਾਂ ਉਹ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ।
ਵਾਇਸ ਆਫ ਪੇਰੈਂਟਸ ਦੇ ਮੁਖੀ ਅਨੂਪ ਮੈਣੀ ਨੇ ਕਿਹਾ ਕਿ ਸਕੂਲ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਦੀ ਐਨਓਸੀ ਰੱਦ ਕੀਤੀ ਜਾਵੇ। ਠੰਡ ਤੋਂ ਹਰ ਕੋਈ ਪਰੇਸ਼ਾਨ ਹੈ। ਇਸ ਦੇ ਬਾਵਜੂਦ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਬੁਲਾ ਰਹੇ ਹਨ। ਸਟਾਫ਼ ਅਤੇ ਵਿਦਿਆਰਥੀਆਂ ਨੂੰ ਠੰਡ ਅਤੇ ਧੁੰਦ ਵਿਚ ਸਕੂਲ ਪਹੁੰਚਣ ਲਈ ਆਪਣੀ ਜਾਨ ਖਤਰੇ ਵਿਚ ਪਾਉਣ ਦੀ ਕੀ ਲੋੜ ਹੈ?
ਠੰਡ ਅਤੇ ਧੁੰਦ ਦੇ ਵਿਚਕਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲਾਂ ਵਿਚ ਬੁਲਾਇਆ ਜਾ ਰਿਹਾ ਹੈ। ਨਾਨ-ਟੀਚਿੰਗ ਸਟਾਫ਼ ਨੂੰ ਵੀ ਠੰਡ ਅਤੇ ਧੁੰਦ ਵਿਚ ਆਪਣੀ ਪੂਰੀ ਡਿਊਟੀ ਕਰਨੀ ਪੈਂਦੀ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਨਾਨ-ਟੀਚਿੰਗ ਸਟਾਫ਼ ਨਿਰਧਾਰਿਤ ਅੱਠ ਘੰਟੇ ਡਿਊਟੀ ਦੇ ਰਿਹਾ ਹੈ। ਨਾਨ-ਟੀਚਿੰਗ ਸਟਾਫ਼ ਦੀ ਮੰਗ ਹੈ ਕਿ ਸਰਕਾਰ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵਾਂਗ ਉਨ੍ਹਾਂ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ। ਨਾਨ-ਟੀਚਿੰਗ ਸਟਾਫ਼ ਸਵੇਰੇ 9.30 ਤੋਂ ਸ਼ਾਮ 4.30 ਵਜੇ ਤੱਕ ਡਿਊਟੀ ’ਤੇ ਰਹਿੰਦਾ ਹੈ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)