ਵੱਡੀ ਖਬਰ ! ਪਟਿਆਲਾ ਜੇਲ ‘ਚ ਰਚੀ ਗਈ ਸੀ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼, ਵਿਦੇਸ਼ ਤੋਂ ਆਈ ਫੰਡਿੰਗ ; ਖੂਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ

0
591

ਚੰਡੀਗੜ੍ਹ, 15 ਅਕਤੂਬਰ | ਮਹਾਰਾਸ਼ਟਰ ਦੇ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਪਟਿਆਲਾ ਜੇਲ ਵਿੱਚ ਰਚੀ ਗਈ ਸੀ। ਲਾਰੈਂਸ ਦੇ ਗੁੰਡੇ ਨੇ ਇਹ ਸੁਪਾਰੀ ਜੇਲ ਵਿਚ ਹੀ ਜਲੰਧਰ ਦੇ ਮੁਲਜ਼ਮ ਜ਼ੀਸ਼ਾਨ ਅਖ਼ਤਰ ਨੂੰ ਦਿੱਤੀ ਸੀ। ਜ਼ੀਸ਼ਾਨ ਨੇ ਜੇਲ ਵਿੱਚੋਂ ਹੀ ਵਿਦੇਸ਼ ਵਿਚ ਇੱਕ ਹੋਰ ਗਿਰੋਹ ਦੇ ਸਰਗਨਾ ਨਾਲ ਵੀ ਗੱਲਬਾਤ ਕੀਤੀ ਸੀ। ਸੁਪਾਰੀ ਲੈਣ ਤੋਂ ਬਾਅਦ ਜ਼ੀਸ਼ਾਨ ਨੇ ਵਿਦੇਸ਼ ਬੈਠੇ ਗੁਰਗੇ ਨੂੰ ਸਾਰੀ ਪਲੈਨਿੰਗ ਵੀ ਦੱਸ ਦਿੱਤੀ ਸੀ।

ਪੰਜਾਬ ਪੁਲਿਸ ਨੂੰ ਖੁਫੀਆ ਸੂਤਰਾਂ ਤੋਂ ਇਨਪੁਟ ਮਿਲਿਆ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੈੱਡਕੁਆਰਟਰ ਦੇ ਸੂਤਰਾਂ ਅਨੁਸਾਰ ਡੀਜੀਪੀ ਗੌਰਵ ਯਾਦਵ ਨੇ ਜੇਲ ਪ੍ਰਬੰਧਨ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਹੈ। ਏਡੀਜੀਪੀ ਜੇਲ ਅਰੁਣ ਪਾਲ ਸਿੰਘ ਨੇ ਸੋਮਵਾਰ ਨੂੰ ਇਸ ਸਬੰਧੀ ਪਟਿਆਲਾ ਜੇਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਪਟਿਆਲਾ ਜੇਲ ਦੀ ਬੈਰਕ ਜਿੱਥੇ ਜ਼ੀਸ਼ਾਨ ਬੰਦ ਸੀ, ਦੇ ਕੈਦੀਆਂ ਤੋਂ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੋਂ ਤੱਕ ਕਿ ਪਟਿਆਲਾ ਜੇਲ ਵਿਚ ਬੰਦ ਲਾਰੈਂਸ ਦੇ ਗੁੰਡੇ ਵੀ ਪੁਲਿਸ ਦੇ ਰਡਾਰ ਵਿਚ ਆ ਗਏ ਹਨ।

ਪੁਲਿਸ ਸੂਤਰਾਂ ਅਨੁਸਾਰ ਜ਼ੀਸ਼ਾਨ ਨੂੰ ਲਾਰੈਂਸ ਦੇ ਗੁੰਡਿਆਂ ਨੇ ਮੁੱਖ ਹੈਂਡਲਰ ਬਣਾਇਆ ਸੀ। ਇਸ ਕਤਲ ਨੂੰ ਅੰਜਾਮ ਦੇਣ ਲਈ ਉਸ ਨੂੰ ਜਲੰਧਰ ਵਿਚ ਹੀ ਫੰਡ ਮੁਹੱਈਆ ਕਰਵਾਏ ਗਏ ਸਨ। ਜੇਲ ਤੋਂ ਬਾਹਰ ਆਉਂਦੇ ਹੀ ਉਹ ਮੁੰਬਈ ਲਈ ਰਵਾਨਾ ਹੋ ਗਿਆ। ਦੱਸ ਦੇਈਏ ਕਿ ਮੁਲਜ਼ਮ ਜ਼ੀਸ਼ਾਨ ਅਖਤਰ ਜਲੰਧਰ ਦੇ ਨਕੋਦਰ ਦੇ ਪਿੰਡ ਸ਼ਕਰ ਦਾ ਰਹਿਣ ਵਾਲਾ ਹੈ।

ਬਾਬਾ ਸਿੱਦੀਕੀ ਦੇ ਕਤਲ ਨੂੰ ਅਨੁਜ ਥਾਪਨ ਦੀ ਮੌਤ ਨਾਲ ਵੀ ਜੋੜਿਆ ਜਾ ਰਿਹਾ ਹੈ। ਗੈਂਗਸਟਰ ਲਾਰੈਂਸ ਦੇ ਗੁੰਡਿਆਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਬਾਬਾ ਸਿੱਦੀਕੀ ਦਾ ਕਤਲ ਅਨੁਜ ਥਾਪਨ ਦੀ ਮੌਤ ਦਾ ਬਦਲਾ ਹੈ। ਜ਼ਿਕਰਯੋਗ ਹੈ ਕਿ ਮੁੰਬਈ ‘ਚ ਅਭਿਨੇਤਾ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਅਨੁਜ ਥਾਪਨ ਅਤੇ ਸੋਨੂੰ ਕੁਮਾਰ ਨੂੰ ਫਾਜ਼ਿਲਕਾ ਤੋਂ ਗ੍ਰਿਫਤਾਰ ਕੀਤਾ ਸੀ। ਦੋਵਾਂ ਨੇ 14 ਅਪ੍ਰੈਲ ਨੂੰ ਸਲਮਾਨ ਦੇ ਘਰ ਗੋਲੀਬਾਰੀ ਕਰਨ ਲਈ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਮੁੰਬਈ ਪੁਲਿਸ ਮੁਤਾਬਕ ਗੋਲੀਬਾਰੀ ਮਾਮਲੇ ਦੇ ਦੋਸ਼ੀ ਅਨੁਜ ਥਾਪਨ ਨੇ ਪੁਲਸ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਸੀ।

ਗੈਂਗਸਟਰ ਲਾਰੈਂਸ ਨੌਜਵਾਨਾਂ ਨੂੰ ਕੰਟਰੈਕਟ ਕਿਲਰ ਬਣਾ ਰਿਹਾ 
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦੇ ਕਤਲ ਤੋਂ ਬਾਅਦ ਹਰਿਆਣਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸ਼ੂਟਰ ਗੁਰਮੇਲ ਕੈਥਲ ਜ਼ਿਲ੍ਹੇ ਦੇ ਪਿੰਡ ਨਾਰਦ ਦਾ ਰਹਿਣ ਵਾਲਾ ਹੈ। ਦੇਸ਼ ਵਿਚ ਇਹ ਕੋਈ ਪਹਿਲਾ ਹਾਈ ਪ੍ਰੋਫਾਈਲ ਕਤਲ ਨਹੀਂ ਹੈ, ਜਿਸ ਵਿਚ ਹਰਿਆਣਾ ਦੇ ਸ਼ੂਟਰਾਂ ਦੇ ਨਾਮ ਸਾਹਮਣੇ ਆਏ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਹਿੱਸਾ ਬਣ ਕੇ ਸੂਬੇ ਦੇ ਨੌਜਵਾਨ ਅਪਰਾਧ ਦੀ ਦਲਦਲ ‘ਚ ਫਸਦੇ ਜਾ ਰਹੇ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)