ਪੰਜਾਬ ਸਰਕਾਰ ਦੇ ਸਕੂਲਾਂ ‘ਚ ਮਿੱਡ-ਡੇਅ-ਮੀਲ ਪਰੋਸਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਬੱਚਿਆਂ ਤੋਂ ਪਹਿਲਾਂ ਸਕੂਲ ਮੁਖੀ ਖੁਦ ਚੱਖੇਗਾ ਖਾਣਾ

0
4002

ਚੰਡੀਗੜ੍ਹ, 5 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੰਗਰੂਰ ਦੇ ਇਕ ਸਰਕਾਰੀ ਸਕੂਲ ’ਚ ਮਿੱਡ-ਡੇਅ-ਮੀਲ ਖਾਣ ਤੋਂ ਬਾਅਦ ਵਿਦਿਆਰਥੀਆਂ ਦੀ ਸਿਹਤ ਵਿਗੜਨ ਦੀ ਚਿੰਤਾਜਨਕ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਹਰਕਤ ‘ਚ ਆ ਗਿਆ ਹੈ। ਇਸ ਸਬੰਧੀ ਪੰਜਾਬ ਮਿਡ-ਡੇਅ-ਮੀਲ ਸੋਸਾਇਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਰਕਾਰੀ ਸਕੂਲਾਂ ’ਚ ਮਿੱਡ-ਡੇਅ-ਮੀਲ ਤਿਆਰ ਕਰਨ ਅਤੇ ਪਰੋਸਣ ਸਬੰਧੀ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।

ਜਾਰੀ ਕੀਤੇ ਦਿਸ਼ਾ-ਨਿਰਦੇਸ਼ ਸਕੂਲੀ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੀ ਸਰਵਉੱਚ ਮਹੱਤਤਾ ’ਤੇ ਜ਼ੋਰ ਦਿੰਦੇ ਹਨ। ਹਦਾਇਤਾਂ ਅਨੁਸਾਰ ਕਿਸੇ ਵੀ ਸਕੂਲੀ ਬੱਚੇ ਨੂੰ ਮਿੱਡ-ਡੇਅ-ਮੀਲ ਪਰੋਸਣ ਤੋਂ ਪਹਿਲਾਂ ਮਿਡ-ਡੇਅ-ਮੀਲ ਵਰਕਰ, ਫਿਰ ਇੰਚਾਰਜ ਅਤੇ ਬਾਅਦ ’ਚ ਸਕੂਲ ਮੁਖੀ ਵੱਲੋਂ ਇਸ ਨੂੰ ਧਿਆਨ ’ਚ ਰੱਖਦੇ ਹੋਏ, ਇਸ ਨੂੰ ਚੱਖਣਾ ਹੋਵੇਗਾ।

ਚੱਖਣ ਅਤੇ ਨਿਰੀਖਣ ਪ੍ਰਕਿਰਿਆ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਮਿੱਡ-ਡੇਅ-ਮੀਲ ਪਰੋਸਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ’ਚ ਕਿਸੇ ਅਣਸੁਖਾਵੀਂ ਘਟਨਾ ਜਾਂ ਅਣਗਹਿਲੀ ਦੀ ਸੂਰਤ ’ਚ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਜਾਂ ਮਿੱਡ-ਡੇਅ-ਮੀਲ ਇੰਚਾਰਜ ਦੀ ਹੋਵੇਗੀ।