ਵੱਡੀ ਖਬਰ : ਕਤਰ ‘ਚ 8 ਭਾਰਤੀਆਂ ਦੀ ਮੌਤ ਦੀ ਸਜ਼ਾ ਮੁਆਫ

0
1583

ਨਿਊ ਦਿੱਲੀ, 28 ਦਸੰਬਰ| ਕਤਰ ਦੀ ਅਦਾਲਤ ਨੇ ਕਤਰ ‘ਚ ਕਥਿਤ ਜਾਸੂਸੀ ਦੇ ਦੋਸ਼ ‘ਚ 8 ਸਾਬਕਾ ਭਾਰਤੀ ਨੇਵੀ ਅਫਸਰਾਂ ਦੀ ਮੌਤ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਕਤਰ ਦੀ ਕੋਰਟ ਨੇ ਵੀਰਵਾਰ ਨੂੰ ਦਿੱਤਾ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਸੁਣਵਾਈ ਦੌਰਾਨ ਭਾਰਤ ਦੇ ਰਾਜਦੂਤ ਅਦਾਲਤ ਵਿੱਚ ਮੌਜੂਦ ਸਨ। ਸਾਰੇ 8 ਪਰਿਵਾਰਾਂ ਦੇ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਭਾਰਤ ਨੇ ਇਸ ਦੇ ਲਈ ਵਿਸ਼ੇਸ਼ ਕੌਂਸਲ ਨਿਯੁਕਤ ਕੀਤੀ ਸੀ। ਹਾਲਾਂਕਿ ਫੈਸਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ।

ਸਜ਼ਾ ਵਿਰੁੱਧ ਪਟੀਸ਼ਨ 23 ਨਵੰਬਰ ਨੂੰ ਸਵੀਕਾਰ ਕਰ ਲਈ ਗਈ ਸੀ

ਇਸ ਤੋਂ ਪਹਿਲਾਂ 23 ਨਵੰਬਰ ਨੂੰ ਕਤਰ ਦੀ ਅਦਾਲਤ ਨੇ ਨੇਵੀ ਅਫਸਰਾਂ ਦੀ ਮੌਤ ਦੀ ਸਜ਼ਾ ਵਿਰੁੱਧ ਪਟੀਸ਼ਨ ਸਵੀਕਾਰ ਕਰ ਲਈ ਸੀ। ਭਾਰਤ ਸਰਕਾਰ ਨੇ ਕਰੀਬ ਇੱਕ ਮਹੀਨਾ ਪਹਿਲਾਂ ਸਜ਼ਾ ਖ਼ਿਲਾਫ਼ ਅਪੀਲ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ 9 ਨਵੰਬਰ ਨੂੰ ਅਪੀਲ ਦਾਇਰ ਕਰਨ ਦੀ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਕਿਹਾ ਸੀ- ਭਾਰਤ ਨੂੰ ਇਨ੍ਹਾਂ ਅਫਸਰਾਂ ਨੂੰ ਮਿਲਣ ਲਈ ਦੂਜੀ ਕੌਂਸਲਰ ਪਹੁੰਚ ਵੀ ਮਿਲੀ ਹੈ। ਭਾਰਤ ਸਰਕਾਰ ਲਗਾਤਾਰ ਕਤਰ ਦੇ ਸੰਪਰਕ ਵਿੱਚ ਹੈ। ਕਤਰ ਵਿਚ ਜਿਨ੍ਹਾਂ 8 ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਦੇ ਨਾਂ ਹਨ- ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਮਲਾਹ ਰਾਗੇਸ਼।