ਫਤਿਹਗੜ੍ਹ ਸਾਹਿਬ | ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬੀਤੀ ਸ਼ਾਮ ਇਕ 14 ਸਾਲ ਦੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਨਵੇਂ ਜੰਮੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਸੂਚਨਾ ਮਿਲੀ ਕਿ ਸਿਵਲ ਹਸਪਤਾਲ ‘ਚ ਇਕ 14 ਸਾਲ ਦੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜਦੋਂ ਉਨ੍ਹਾਂ ਵਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਲੜਕੀ ਕਿਸੇ ਮੁੰਡੇ ਨਾਲ ਘਰੋਂ ਭੱਜ ਗਈ ਸੀ ਅਤੇ ਕਾਫੀ ਸਮਾਂ ਉਸ ਨਾਲ ਰਹੀ। ਜਦ ਵਾਪਸ ਆਈ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਸ ਦੌਰਾਨ ਲੜਕੀ ਨੇ ਇਕ ਬੱਚੇ ਨੂੰ ਜਨਮ ਦਿੱਤਾ।
ਸਮੇਂ ਤੋਂ ਪਹਿਲਾਂ ਬੱਚੇ ਦੀ ਡਲਿਵਰੀ ਹੋਣ ਕਾਰਨ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜ਼ਿਲਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਇਸ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਲੜਕੀ ਦੀ ਹਾਲਤ ਠੀਕ ਹੋ ਜਾਵੇਗੀ ਤਾਂ ਉਸ ਕੋਲੋਂ ਬਿਆਨ ਦਰਜ ਕਰਵਾਏ ਜਾਣਗੇ ਅਤੇ ਪਤਾ ਕੀਤਾ ਜਾਵੇਗੀ ਕਿ ਉਸ ਨਾਲ ਇਹ ਕਾਰਾ ਕਿਸ ਨੇ ਕੀਤੀ ਹੈ, ਜਿਸ ਮੁੰਡੇ ਨਾਲ ਘਰੋਂ ਭੱਜੀ ਸੀ ਉਸ ਨੇ ਜਾਂ ਕਿਸੇ ਹੋਰ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।







































