ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਮਿਆਨੀ ਰਾਤ ਨੂੰ ਕਮਲ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਉਮਰ ਕਰੀਬ 19 ਸਾਲ ਵਾਸੀ ਪਿੰਡ ਲੁਹਾਰ ਮਾਜਰਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਛੀਟਾਂਵਾਲਾ ਦੇ ਖੇਤਾਂ ਨੇੜਿਓਂ ਲਾਸ਼ ਬਰਾਮਦ ਹੋਈ ਹੈ। ਉਕਤ ਨੌਜਵਾਨ ਦੀ ਲਾਸ਼ ਨਗਨ ਅਵਸਥਾ ਵਿਚ ਮਿਲੀ ਹੈ। ਉਸ ਦੇ ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ ਹਨ। ਉਸ ਦਾ ਕਤਲ ਕੀਤਾ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਨੇ 12ਵੀਂ ਤੋਂ ਬਾਅਦ ਆਈਲੈਟਸ ਕੀਤੀ ਸੀ ਅਤੇ ਆਸਟ੍ਰੇਲੀਆ ਜਾਣਾ ਸੀ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਕਮਲਪ੍ਰੀਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੜ੍ਹਾਈ ਲਈ ਆਸਟ੍ਰੇਲੀਆ ਜਾਣਾ ਸੀ। ਮ੍ਰਿਤਕ ਸ਼ਨੀਵਾਰ ਨੂੰ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮਦਿਨ ਪਾਰਟੀ ਵਿਚ ਜਾ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਵਾਪਸ ਨਾ ਪਰਤਿਆ ਅਤੇ ਐਤਵਾਰ ਸਵੇਰ ਨੂੰ ਪਿੰਡ ਦੇ ਨੇੜੇ ਖੂਨ ਨਾਲ ਲੱਥਪੱਥ ਕਮਲਪ੍ਰੀਤ ਦੀ ਲਾਸ਼ ਮਿਲੀ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਸ਼ਨੀਵਾਰ ਰਾਤ ਜ਼ਿਆਦਾ ਮੀਂਹ ਹੋਣ ਕਰਕੇ ਉਸ ਦੇ ਪਿਤਾ ਨੇ ਆਪਣੇ ਦੋਸਤ ਕੋਲ ਰੁਕਣ ਲਈ ਕਿਹਾ ਪਰ ਸਵੇਰੇ ਪੁੱਤਰ ਦੇ ਕਤਲ ਦੀ ਖ਼ਬਰ ਉਨ੍ਹਾਂ ਕੋਲ ਪਹੁੰਚੀ। ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਦੇ ਕਾਤਲਾਂ ਨੂੰ ਜਲਦ ਫੜ੍ਹਨ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ।
ਥਾਣਾ ਸਦਰ ਪੁਲਿਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਨਾਭਾ ਦੇ ਪਿੰਡ ਲਾਹੌਰ ਮਾਜਰਾ ਦਾ 19 ਸਾਲਾ ਕਮਲਪ੍ਰੀਤ ਨਾਮ ਦਾ ਨੌਜਵਾਨ ਆਪਣੇ ਘਰ ਤੋਂ ਗਿਆ ਸੀ ਪਰ ਸਵੇਰੇ ਉਸ ਦੀ ਲਾਸ਼ ਸੂਏ ਨਜ਼ਦੀਕ ਮਿਲੀ। ਲਾਸ਼ ਨੂੰ ਵੇਖਣ ਤੋਂ ਜਾਪਦਾ ਸੀ ਕਿ ਕਮਲਪ੍ਰੀਤ ਦੀ ਕਿਸੇ ਨਾਲ ਹੱਥੋਪਾਈ ਹੋਈ ਹੈ ਅਤੇ ਉਸ ਦੇ ਕੱਪੜੇ ਪੂਰੀ ਤਰ੍ਹਾਂ ਉਤਾਰੇ ਗਏ, ਜਿਸ ਤੋਂ ਕੁਝ ਦੂਰੀ ‘ਤੇ ਜਾ ਕੇ ਕਮਲਪ੍ਰੀਤ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਮਲਪ੍ਰੀਤ ਦੇ ਸਰੀਰ ‘ਤੇ ਸੱਟਾਂ ਦੇ ਕੁਝ ਨਿਸ਼ਾਨ ਵੀ ਮਿਲੇ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।