ਕਪੂਰਥਲਾ | ਕਸਬਾ ਨਡਾਲਾ ‘ਚ ਇਕ ਨੌਜਵਾਨ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੈੱਡ ‘ਚ ਲੁਕਾ ਦਿੱਤਾ। ਆਪਣੇ ਭਰਾ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਆਪਣੇ ਪਿਤਾ ਨੂੰ ਫੋਨ ‘ਤੇ ਸੂਚਨਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸੁਭਾਨਪੁਰ ਦੇ ਡੀ.ਐੱਸ.ਪੀ ਭੁੱਲਥ ਅਤੇ ਥਾਣਾ ਸੁਭਾਨਪੁਰ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ‘ਚ ਰਖਵਾਇਆ। ਇਸ ਦੀ ਪੁਸ਼ਟੀ ਡੀਐਸਪੀ ਭੁਲੱਥ ਸੁਰਿੰਦਰਪਾਲ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਡਾਲਾ ਦੀ ਹਿੰਮਤ ਸਿੰਘ ਕਾਲੋਨੀ ਦੇ ਵਾਸੀ ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਉਥੇ ਰਹਿੰਦੇ ਸਨ। ਉਸ ਦੇ ਪਿਤਾ ਅਜੀਤ ਸਿੰਘ ਜੀਰਕਪੁਰ ਵਿਚ ਇੱਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਹਨ। ਕੁਲਵਿੰਦਰ (26) ਅਤੇ ਸੁਖਵਿੰਦਰ (22) ਨਸ਼ੇ ਦੇ ਆਦੀ ਸਨ ਅਤੇ ਆਪਣੇ ਨਸ਼ੇ ਦਾ ਖਰਚਾ ਪੂਰਾ ਕਰਨ ਲਈ ਦੋਵਾਂ ਨੇ ਹੌਲੀ-ਹੌਲੀ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ।
ਡੀਐਸਪੀ ਭੁਲੱਥ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੁਖਵਿੰਦਰ ਸਿੰਘ ਨੇ ਨਸ਼ੇ ਦੀ ਪੂਰਤੀ ਲਈ ਘਰ ਵਿਚ ਪਿਆ ਫਰਿੱਜ ਵੇਚ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚ ਤਕਰਾਰ ਹੋ ਗਈ। ਇਸੇ ਰੰਜਿਸ਼ ਦੇ ਚੱਲਦਿਆਂ ਕੁਲਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਮੰਜੇ ਵਿਚ ਲੁਕਾ ਦਿੱਤੀ। ਘਟਨਾ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਆਪਣੇ ਪਿਤਾ ਅਜੀਤ ਸਿੰਘ ਨੂੰ ਸੂਚਨਾ ਦਿੱਤੀ ਅਤੇ ਭੱਜ ਗਿਆ।
ਇਸ ਤੋਂ ਬਾਅਦ ਅਜੀਤ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੁਖਵਿੰਦਰ ਸਿੰਘ ਦੀ ਲਾਸ਼ ਘਰ ਦੇ ਬੈੱਡ ਬਾਕਸ ‘ਚੋਂ ਬਰਾਮਦ ਕੀਤੀ। ਡੀਐਸਪੀ ਸੁਰਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦਾ ਮੋਬਾਈਲ ਵੀ ਬੰਦ ਸੀ।