ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਦਾ ਹਿੱਸਾ ਬਣੇ ਹੋਏ ਹਨ : ਮਲੂਕਾ

0
264

 ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਸਾਜ਼ਿਸ਼ ਦਾ ਹਿੱਸਾ ਬਣੇ ਹੋਏ ਹਨ।
ਇਹ ਐਲਾਨ ਕਰ‌ਦਿਆਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੇ ਖਿਲਾਫ ਇਹ ਕਾਰਵਾਈ ਸਾਰੇ ਵਿਕਲਪ ਵਰਤਣ ਤੋਂ ਬਾਅਦ ਕੀਤੀ ਗਈ ਹੈ। ਪਾਰਟੀ ਨੇ ਉਹਨਾਂ ਨੂੰ ਅੱਜ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਸੀ।  ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪੰਥਕ ਏਕਤਾ ਕਾਇਮ ਰੱਖਣ ਲਈ ਹਮੇਸ਼ਾ ਪ੍ਰਧਾਨ ਦੇ ਅਹੁਦੇ ਲਈ ਇਕ ਨਾਂ ਦਿੱਤਾ ਹੈ ਪਰ ਪਤਾ ਨਹੀਂ ਕਿਉਂ ਬੀਬੀ ਜਗੀਰ ਕੌਰ ਇਸ ਨਿਯਮ ਨੂੰ ਬਦਲਣਾ ਚਾਹੁੰਦੇ ਸਨ ਤੇ ਸਿੱਖ ਕੌਮ ਵਿਚ ਦੁਬਿਧਾ ਪੈਦਾ ਕਰਨੀ ਚਾਹੁੰਦੇ ਸਨ ਜਿਸਦਾ ਫਾਇਦਾ ਸਿਰਫ ਪੰਥ ਵਿਰੋਧੀ ਤਾਕਤਾਂ ਨੂੰ ਹੀ ਮਿਲਣਾ ਸੀ।

ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਲੂਕਾ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਨੇ ਤਿੰਨ ਮਹੀਨੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਤਿਆਰੀ ਵਿੱਢ ਦਿੱਤੀ ਸੀ ਤੇ ਮੈਂਬਰਾਂ ਤੱਕ ਪਹੁੰਚ ਕਰਨ ਲੱਗ ਪਏ ਸਨ। ਉਹਨਾਂ ਕਿਹਾ ਕਿ ਪਾਰਟੀ ਦੀ ਏਕਤਾ ਕਾਇਮ ਰੱਖਣ ਵਾਸਤੇ ਅਕਾਲੀ ਦਲ ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਬੀਬੀ ਜਗੀਰ ਕੌਰ ਨੂੰ ਮਿਲੇ ਤੇ ਉਹਨਾਂ ਨੂੰ ਪਾਰਟੀ ਅਨੁਸ਼ਾਸਨ ਕਾਇਮ ਰੱਖਣ ਦੀ ਅਪੀਲ ਵੀ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਇ ਤੋਂ ਜਾਣੂ ਕਰਵਾਇਆ ਅਤੇ ਅਪੀਲ ਕੀਤੀ ਕਿ ਉਹ ਚੋਣਾਂ ਨਾ ਲੜਨ।

ਮਲੂਕਾ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਆਪਣੀ ਜ਼ਿੱਦ ’ਤੇ ਅੜੇ ਰਹੇ ਤੇ ਉਹਨਾਂ ਸਮਰਥਨ ਜੁਟਾਉਣ ਵਾਸਤੇ ਮੈਂਬਰਾਂ ਨੂੰ ਫੋਨ ਕਰਨੇ ਤੇ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਹ ਸ਼ਿਕਾਇਤਾਂ ਆਈਆਂ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਬੀਬੀ ਜਗੀਰ ਕੌਰ ਲਈ ਸਮਰਥਨ ਜੁਟਾਉਣ ਵਾਸਤੇ ਮੈਂਬਰਾਂ ਨੂੰ ਫੋਨ ਕਰ ਰਹੇ ਹਨ ਤਾਂ ਹਾਲਾਤ ਬਹੁਤ ਖਰਾਬ ਹੋ ਗਏ।

ਮਲੂਕਾ ਨੇ ਦੱਸਿਆ ਕਿ ਮੈਂਬਰਾਂ ਦੀਆਂ ਸ਼ਿਕਾਇਤਾਂ ਅਤੇ ਦੋ ਮੈਂਬਰੀ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਗਾਤਾਰ ਦੋ ਵਾਰ ਉਹਨਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਤੇ ਅੱਜ ਵੀ ਨਿੱਜੀ ਤੌਰ ’ਤੇ ਆ ਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਪਰ ਬਜਾਏ ਅਜਿਹਾ ਕਰਨ ਦੇ ਉਹਨਾਂ ਨੇ ਉਲਟਾ ਅਨੁਸ਼ਾਸਨੀ ਕਮੇਟੀ ਦੇ ਗਠਨ ’ਤੇ ਹੀ ਸਵਾਲ ਚੁੱਕੇ ਦਿੱਤੇ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੀ ਵਰਕਿੰਗ ਕਮੇਟੀ ਤੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗਠਿਤ ਕੀਤੀ ਸੀ। ਵਰਕਿੰਗ ਕਮੇਟੀ ਨੇ ਹੀ ਪ੍ਰਧਾਨ ਨੂੰ ਅਧਿਕਾਰ ਦਿੱਤੇ ਤੇ ਬੀਬੀ ਜਗੀਰ ਕੌਰ ਵੀ ਇਸ ਕਮੇਟੀ ਦੇ ਮੈਂਬਰ ਸਨ।

ਇਸ ਦੌਰਾਨ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਸਰ ਵਿਚ ਕੀਤਾ ਇਕ ਸਟਿੰਗ ਵੀ ਜਾਰੀ ਕੀਤਾ ਜਿਸ ਵਿਚ ਭਾਜਪਾ ਆਗੂ ਪ੍ਰੋਂ ਸਰਚਾਂਦ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਸੁਰਜੀਤ ਸਿੰਘ ਭਿਟੀਵਿੰਡ ਨੂੰ ਆਖ ਰਹੇਹਨ  ਕਿ ਉਹ ਉਹਨਾਂ ਦੀ ਮੀਟਿੰਗ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਕਰਵਾ ਸਕਦੇ ਹਨ ਤੇ ਉਹਨਾਂ ਮੈਂਬਰਾਂ ਦੀਆਂ ਵੋਟਾਂ ਲੈਣ ਲਈ ਉਹਨਾਂ ਨੂੰ ਪੈਸੇ ਦੇਣ ਦੀ ਪੇਸ਼ਕਸ਼ ਵੀ ਕੀਤੀ।

ਵਲਟੋਹਾ ਨੇ ਕਿਹਾ ਕਿ ਸਟਿੰਗ ਤੋਂ ਸਾਬਤ ਹੋ ਗਿਆ ਹੈ ਕਿ ਭਾਜਪਾ ਤੇ ਇਕਬਾਲ ਸਿੰਘ ਲਾਲਪੁਰਾ ਨਾ ਸਿਰਫ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਵਿਚ ਦਖਲਅੰਦਾਜ਼ੀ ਕਰ ਰਹੇ ਹਨ ਬਲਕਿ ਉਹ ਬੀਬੀ ਜਗੀਰ ਕੌਰ ਲਈਵੋਟਾਂ  ਲੈਣ ਵਾਸਤੇ ਮੈਂਬਰਾਂ ਤੱਕ ਪਹੁੰਚ ਵੀ ਕਰ ਰਹੇ ਹਨ। ਉਹਨਾਂ ਮੰਗ ਕੀਤੀ ਕਿ ਪ੍ਰੋ. ਸਰਚਾਂਦ ਤੇ ਲਾਲਪੁਰਾ ਦੇ ਫੋਨਾਂ ਦੇ ਕਾਲ ਰਿਕਾਰਡ ਕੱਢਵਾਏ ਜਾਣ ਅਤੇ ਇਹ ਜਾਂਚ ਕੀਤੀ ਜਾਵੇ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋੜਨ ਵਾਸਤੇ ਕਿਸ ਹੱਦ ਤੱਕ ਸਾਜ਼ਿਸ਼ ਰਚੀ ਹੈ। ਅਨੁਸ਼ਾਸਨੀ ਕਮੇਟੀ ਦੇ ਹੋਰ ਮੈਂਬਰ ਜੋ ਪ੍ਰੈਸ ਕਾਨਫਰੰਸ ਵਿਚ ਹਾਜ਼ਰ ਸਨ, ਉਹਨਾਂ ਵਿਚ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਸ਼ਾਮਲ ਸਨ।