ਅੰਮ੍ਰਿਤਸਰ | ਇਥੇ ਨਹਿਰ ਦੇ ਕੰਢੇ ਇੱਕ ਭਿਆਨਕ ਘਟਨਾ ਵਾਪਰੀ ਹੈ। ਇੱਥੇ ਇੱਕ 20 ਸਾਲਾ ਵਿਆਹੁਤਾ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦਾ ਦੋਸ਼ੀ ਹੋਰ ਕੋਈ ਨਹੀਂ ਸਗੋਂ ਪੀੜਤਾ ਦਾ ਪਤੀ ਹੈ। ਉਸ ਨੇ ਆਪਣੀ ਪਤਨੀ ਨੂੰ ਆਪਣੇ ਪੰਜ ਸਾਥੀਆਂ ਦੇ ਸਾਹਮਣੇ ਪੇਸ਼ ਕੀਤਾ। ਪੀੜਤਾ ਰੋਂਦੀ ਰਹੀ ਪਰ ਕਿਸੇ ਨੂੰ ਕੋਈ ਰਹਿਮ ਨਹੀਂ ਆਇਆ। ਸਾਰਿਆਂ ਨੇ ਉਸ ਨਾਲ ਨਹਿਰ ਦੀ ਕਿਨਾਰੇ ‘ਤੇ ਇਕ-ਇਕ ਕਰ ਕੇ ਬਲਾਤਕਾਰ ਕੀਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿੱਚ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੀੜਤ ਲੜਕੀ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਜੀ.ਟੀ ਰੋਡ ‘ਤੇ ਇਕ ਕਸਬੇ ‘ਚ ਰਹਿੰਦੀ ਹੈ। ਡੇਢ ਸਾਲ ਪਹਿਲਾਂ ਉਸ ਦਾ ਵਿਆਹ ਮੁਸਲਿਮ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ ਇਕ ਸਾਲ ਬਾਅਦ ਇਕ ਹਾਦਸੇ ਵਿਚ ਉਸ ਦੀ ਲੱਤ ਟੁੱਟ ਗਈ। ਇਸ ਕਾਰਨ ਉਸ ਨੂੰ ਮਹੀਨਿਆਂ ਬੱਧੀ ਬਿਸਤਰ ‘ਤੇ ਰਹਿਣਾ ਪਿਆ। ਝਗੜੇ ਤੋਂ ਬਾਅਦ ਪਤੀ ਉਸ ਨੂੰ ਪੇਕੇ ਘਰ ਛੱਡ ਗਿਆ।
ਭਰਾਵਾਂ ਨੇ ਉਸ ਦਾ ਇਲਾਜ ਕਰਵਾਇਆ। ਇਲਾਜ ਤੋਂ ਬਾਅਦ ਉਹ ਤੁਰਨ ਦੇ ਯੋਗ ਹੋ ਗਈ। 7 ਜਨਵਰੀ ਦੀ ਸ਼ਾਮ ਨੂੰ ਕਰੀਬ 4 ਵਜੇ ਪਤੀ ਨੇ ਮਿਲਣ ਲਈ ਬੁਲਾਇਆ ਤੇ ਕਿਹਾ ਕਿ ਕੋਈ ਗੱਲ ਕਰਨੀ ਹੈ। ਪਤੀ ਦੇ ਕਹਿਣ ‘ਤੇ ਉਹ ਉਕਤ ਸਥਾਨ ‘ਤੇ ਪਹੁੰਚ ਗਈ। ਉਸ ਦਾ ਪਤੀ ਉੱਥੇ ਆਇਆ ਅਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਨਹਿਰ ਦੇ ਕੰਢੇ ਝਾੜੀਆਂ ਵਿੱਚ ਲੈ ਗਿਆ। ਉੱਥੇ ਪਹਿਲਾਂ ਹੀ ਪੰਜ ਹੋਰ ਲੋਕ ਮੌਜੂਦ ਸਨ। ਉਹ ਉਨ੍ਹਾਂ ਵਿੱਚੋਂ ਕੁਝ ਨੂੰ ਜਾਣਦੀ ਵੀ ਹੈ। ਸਾਰਿਆਂ ਨੇ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ।
ਅਰਧ ਬੇਹੋਸ਼ੀ ਦੀ ਹਾਲਤ ‘ਚ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਨਹਿਰ ਦੇ ਕੰਢੇ ਸੁੱਟ ਕੇ ਫਰਾਰ ਹੋ ਗਏ। ਉਹ ਕਿਸੇ ਤਰ੍ਹਾਂ ਉਥੋਂ ਆਪਣੇ ਭਰਾਵਾਂ ਕੋਲ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਮੁਲਜ਼ਮ ਪਤੀ, 2 ਦੋਸਤਾਂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।