ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ , ਬਿਕਰਮ ਮਜੀਠੀਆ ਦੀ ਅਗਵਾਈ ‘ਚ ਸੌਂਪਣਗੇ ਰਾਜਪਾਲ ਨੂੰ ਮੰਗ ਪੱਤਰ

0
712
akalidal

ਗੁਰਮੀਤ ਸਿੰਘ ਖੇੜਾ ਵੀ 1990 ਤੋਂ ਲੈ ਕੇ ਹੁਣ ਤੱਕ ਜੇਲ੍ਹ ਵਿੱਚ ਤਕਰੀਬਨ 31 ਸਾਲ ਤੋਂ ਬੰਦ ਹਨ। ਉਨ੍ਹਾਂ ਨੂੰ ਕਰਨਾਟਕ ਅਤੇ ਨਵੀਂ ਦਿੱਲੀ ਵਿੱਚ ਬੰਬ ਧਮਾਕਿਆਂ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਟਾਡਾ ਕੋਰਟ ਵੱਲੋਂ ਉਨ੍ਹਾਂ ਨੂੰ ਦੂਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਦਿੱਲੀ ਸਰਕਾਰ ਵੱਲੋਂ ਉਨ੍ਹਾਂ ਨੂੰ 2011 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਕਰਨਾਟਕ ਬੰਬ ਧਮਾਕੇ ਕੇਸ ਵਿੱਚ ਉਹ ਹੁਣ ਵੀ ਜੇਲ੍ਹ ‘ਚ ਹਨ। 2015 ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਵਿਖੇ ਭੇਜ ਦਿੱਤਾ ਗਿਆ।

ਬਲਵੰਤ ਸਿੰਘ ਰਾਜੋਆਣਾ– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਉਹ 1995 ਤੋਂ ਜੇਲ੍ਹ ਵਿੱਚ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।ਜਿਸ ਤੋਂ ਬਾਅਦ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਜਗਤਾਰ ਸਿੰਘ ਹਵਾਰਾ ‘ਤੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਦੋਸ਼ ਹੈ ਜਿਸ ਅਧੀਨ ਉਹ ਵੀ ਜੇਲ੍ਹ ਵਿੱਚ ਬੰਦ ਹਨ।1995-2003 ਤੱਕ ਬੁੜੈਲ ਜੇਲ੍ਹ ਵਿੱਚ ਸਨ ਅਤੇ ਉਸ ਤੋਂ ਬਾਅਦ ਜੇਲ੍ਹ ਤੋੜ ਕੇ ਫ਼ਰਾਰ ਹੋ ਗਏ ਸਨ।ਸਾਲ 2005 ਵਿੱਚ ਉਨ੍ਹਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਹ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਜੇਲ੍ਹ ਵਿੱਚ 25 ਇਸ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ।

ਜਗਤਾਰ ਸਿੰਘ ਤਾਰਾ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਅਧੀਨ 15 ਸਾਲਾਂ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਰਹੇ ਹਨ।

ਲਖਵਿੰਦਰ ਸਿੰਘ ਲੱਖਾ– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਹੀ 1995 ਤੋਂ ਜੇਲ੍ਹ ਵਿੱਚ ਬੰਦ ਲਖਵਿੰਦਰ ਸਿੰਘ ਲੱਖਾ ਬੁੜੈਲ ਜੇਲ੍ਹ ਵਿੱਚ ਬੰਦ ਹਨ।

ਗੁਰਮੀਤ ਸਿੰਘ- ਲਖਵਿੰਦਰ ਸਿੰਘ ਲੱਖਾ ਵਾਂਗ ਪਟਿਆਲਾ ਦੇ ਵਸਨੀਕ ਗੁਰਮੀਤ ਸਿੰਘ ਬੇਅੰਤ ਸਿੰਘ ਕੇਸ ਵਿੱਚ 1995 ਤੋਂ ਬੁੜੈਲ ਜੇਲ੍ਹ ਵਿੱਚ ਹਨ। ਉਨ੍ਹਾਂ ਦੀ ਰਿਹਾਈ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੈ।

ਸ਼ਮਸ਼ੇਰ ਸਿੰਘ– ਬੇਅੰਤ ਸਿੰਘ ਕਤਲ ਕੇਸ ਵਿੱਚ ਹੀ ਸਜ਼ਾ ਕੱਟ ਰਹੇ ਸਮਸ਼ੇਰ ਸਿੰਘ 1995 ਤੋਂ ਬੁੜੈਲ ਜੇਲ੍ਹ ਵਿੱਚ ਹਨ।

ਪਰਮਜੀਤ ਸਿੰਘ ਭਿਓਰਾ– ਰੋਪੜ ਦੇ ਪਿੰਡ ਭਿਓਰਾ ਨਾਲ ਸੰਬੰਧਿਤ ਪਰਮਜੀਤ ਸਿੰਘ ਭਿਓਰਾ ਵੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਬੁੜੈਲ ਜੇਲ੍ਹ ਵਿੱਚ ਹਨ।1997 -2004 ਤੋਂ ਬੁੜੈਲ ਜੇਲ੍ਹ ਵਿੱਚ ਰਹੇ ਅਤੇ ਉਸ ਤੋਂ ਬਾਅਦ ਜੇਲ੍ਹ ਤੋੜ ਕੇ ਫਰਾਰ ਹੋ ਗਏ। 2006 ਵਿੱਚ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਇਸ ਤੋਂ ਬਾਅਦ ਹੁਣ ਤੱਕ ਉਹ ਬੁੜੈਲ ਜੇਲ੍ਹ ਵਿੱਚ ਹਨ।ਸਾਲ 2019 ਵਿੱਚ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅੱਠ ਸਿੱਖ ਕੈਦੀਆਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ।

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਿੱਖ ਸੰਗਤਾਂ ਵੱਲੋਂ ਕਈ ਵਾਰ ਆਵਾਜ਼ ਬੁਲੰਦ ਕੀਤੀ ਗਈ ਪਰ ਅਜੇ ਤੱਕ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਆਖ਼ਰ ਕਦੋਂ ਇਨ੍ਹਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕੀਤਾ ਜਾਂਦਾ ਹੈ।