10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦਰਮਿਆਨ CBSE ਨੇ ਸਕੂਲਾਂ ਨੂੰ ਜਾਰੀ ਕੀਤਾ ਨਵਾਂ ਫ਼ਰਮਾਨ

0
1072

ਲੁਧਿਆਣਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ, ਜਦਕਿ 12ਵੀਂ ਦੀ ਪ੍ਰੀਖਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਬੋਰਡ ਨੇ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਅਧਿਆਪਕ ਨੂੰ ਜੇਕਰ ਲੱਗਦਾ ਹੈ ਕਿ ਪ੍ਰੀਖਿਆ ਦੌਰਾਨ ਪੇਪਰ ’ਚ ਦਿੱਤਾ ਕੋਈ ਪ੍ਰਸ਼ਨ ਗ਼ਲਤ ਹੈ ਤਾਂ ਉਸੇ ਦਿਨ ਸ਼ਾਮ ਤੱਕ ਉਸ ’ਤੇ ਆਪਣਾ ਕੁਮੈਂਟ ਭੇਜਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਬੋਰਡ ਉਸਦੀ ਜਾਂਚ ਕਰਕੇ ਜ਼ਰੂਰੀ ਕਦਮ ਚੁੱਕੇਗਾ। 

ਬੋਰਡ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਪ੍ਰਸ਼ਨ ’ਤੇ ਆਪਣੇ ਕੁਮੈਂਟ ਭੇਜਣ ਵਾਲੇ ਅਧਿਆਪਕ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਜੇਕਰ ਪ੍ਰਸ਼ਨ ਪੱਤਰ ਵਿਚ ਪੁੱਛਿਆ ਗਿਆ ਸਵਾਲ ਗ਼ਲਤ ਸੀ ਤਾਂ ਉਸ ਵਿਚ ਕੀ ਗ਼ਲਤੀ ਸੀ ਅਤੇ ਉਸਦੀ ਜਗ੍ਹਾ ਸਹੀ ਕੀ ਹੋਣਾ ਚਾਹੀਦਾ ਸੀ। ਇਸ ਬਾਰੇ ਵੀ ਲਿਖਣਾ ਹੋਵੇਗਾ। ਦੱਸ ਦੇਈਏ ਕਿ 10ਵੀਂ ਦੀ ਪ੍ਰੀਖਿਆ 21 ਮਾਰਚ ਤੇ 12ਵੀਂ ਦੀ ਪ੍ਰੀਖਿਆ 5 ਅਪ੍ਰੈਲ ਨੂੰ ਸਮਾਪਤ ਹੋਵੇਗੀ।

ਜਾਣਕਾਰੀ ਮੁਤਾਬਕ ਪ੍ਰੀਖਿਆ ਤੋਂ ਬਾਅਦ ਅਧਿਆਪਕ ਖ਼ੁਦ ਪੇਪਰ ਨੂੰ ਚੰਗੀ ਤਰ੍ਹਾਂ ਵੇਖਦੇ ਹਨ। ਉਥੇ ਕਿਸੇ ਬੱਚੇ ਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਸ ਨੂੰ ਨੋਟ ਕੀਤਾ ਜਾਂਦਾ ਹੈ ਪਰ ਕਿਸੇ ਵੀ ਪ੍ਰਸ਼ਨ ਬਾਰੇ ਸੀ. ਬੀ. ਐੱਸ. ਈ. ਨੂੰ ਗ਼ਲਤੀ ਤਾਂ ਦੱਸ ਦਿੰਦੇ ਹਨ ਪਰ ਇਹ ਨਹੀਂ ਦੱਸਦੇ ਕਿ ਜਿਸ ਪ੍ਰਸ਼ਨ ਦੀ ਗ਼ਲਤੀ ਫੜੀ ਹੈ, ਉਸਦੀ ਜਗ੍ਹਾ ’ਤੇ ਸਹੀ ਪ੍ਰਸ਼ਨ ਕੀ ਹੋਣਾ ਚਾਹੀਦਾ ਸੀ।

ਇਹੀ ਨਹੀਂ ਬੋਰਡ ਦੇ ਅਨੁਸਾਰ ਕਈ ਸਕੂਲ ਕੁਮੈਂਟ ਤਾਂ ਭੇਜ ਰਹੇ ਹਨ ਪਰ ਉਹ ਪ੍ਰੀਖਿਆ ਦੇ ਅਗਲੇ ਦਿਨ ਜਾਂ ਫਿਰ ਕੁਝ ਦਿਨ ਬੀਤ ਜਾਣ ਦੇ ਬਾਅਦ ਭੇਜ ਰਹੇ ਹਨ। ਉਥੇ ਕਈ ਸਕੂਲ ਵੱਖ ਵੱਖ ਆਈ. ਡੀ. ’ਤੇ ਕੁਮੈਂਟ ਭੇਜ ਰਹੇ ਹਨ ਜੋ ਇਸ ਟਾਪਿਕ ਨਾਲ ਜੁੜਿਆ ਹੀ ਨਹੀਂ ਹੈ। ਕੁਝ ਸਕੂਲ ਜੋ ਕੁਮੈਂਟ ਭੇਜ ਰਹੇ ਹਨ, ਉਸ ਨਾਲ ਇਹ ਨਹੀਂ ਕਲੀਅਰ ਹੋ ਰਿਹਾ ਹੈ ਕਿ ਉਹ ਕਹਿਣਾ ਕੀ ਚਾਹੁੰਦੇ ਹਨ।

ਬੋਰਡ ਨੇ ਸਕੂਲਾਂ ਨੂੰ ਇਹ ਕਲੀਅਰ ਕਰ ਦਿੱਤਾ ਹੈ ਕਿ ਪ੍ਰਸ਼ਨ ਪੱਤਰ ਨਾਲ ਜੁੜਿਆ ਕੋਈ ਵੀ ਕੁਮੈਂਟ ਉਸਦੇ ਪ੍ਰੀਖਿਆ ਵਾਲੇ ਦਿਨ ਹੀ ਭੇਜਣਾ ਹੋਵੇਗਾ। ਜੇਕਰ ਬੋਰਡ ਨੂੰ ਪ੍ਰਾਪਤ ਹੋਏ ਕੁਮੈਂਟ ਸਪੱਸ਼ਟ ਨਹੀਂ ਹਨ ਜਾਂ ਸਮੇਂ ’ਤੇ ਹੀ ਮਿਲੇ ਤਾਂ ਇਹ ਮੰਨਿਆ ਜਾਵੇਗਾ ਕਿ ਸੀ. ਬੀ. ਐੱਸ. ਈ. ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ ਹੈ ਤਾਂ ਬੋਰਡ ਵੱਲੋਂ ਕੁਮੈਂਟ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।