ਬਠਿੰਡਾ : ਪੌਣੇ ਦੋ ਕਰੋੜ ਰੁਪਏ ਦੇ ਸੋਨੇ ਦੀ ਲੁੱਟ ਮਾਮਲੇ ‘ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

0
2826

ਬਠਿੰਡਾ, 7 ਦਸੰਬਰ| ਸੰਗਰੂਰ ਵਿਚ ਗੁਜਰਾਤ ਦੀ ਇਕ ਕੰਪਨੀ ਦੇ ਕਰਮਚਾਰੀ ਤੋਂ 2.25 ਕਰੋੜ ਰੁਪਏ ਦਾ ਸੋਨਾ ਲੁੱਟਣ ਦੇ ਮਾਮਲੇ ‘ਚ ਬਠਿੰਡਾ ਪੁਲਿਸ ਨੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੈਰਾਮ ਵਾਸੀ ਫਿਰੋਜ਼ਪੁਰ ਅਤੇ ਨਿਸ਼ਾਨ ਸਿੰਘ ਵਾਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਇਸ ਮਾਮਲੇ ਵਿਚ ਇਕ ਪੁਲਿਸ ਕਾਂਸਟੇਬਲ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ।

ਮੁਲਜ਼ਮ ਕਾਂਸਟੇਬਲ ਦਾ ਨਾਂਅ ਆਸ਼ੀਸ਼ ਕੁਮਾਰ ਹੈ ਅਤੇ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸਿਟੀ ਥਾਣੇ ਵਿਚ ਤਾਇਨਾਤ ਹੈ। ਸੋਨੇ ਦੀ ਲੁੱਟ ਦੀ ਇਹ ਘਟਨਾ ਸੰਗਰੂਰ ਰੇਲਵੇ ਸਟੇਸ਼ਨ ‘ਤੇ ਵਾਪਰੀ ਅਤੇ ਇਸ ‘ਚ ਕੁੱਲ 4 ਵਿਅਕਤੀ ਸ਼ਾਮਲ ਸਨ। ਇਨ੍ਹਾਂ ਵਿਚੋਂ ਦੋ ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਹੀ ਲੁੱਟਿਆ ਗਿਆ ਸੋਨਾ ਬਰਾਮਦ ਕਰ ਲਿਆ ਸੀ। ਮਾਮਲੇ ਵਿਚ ਅਜੇ ਇਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਬਠਿੰਡਾ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸਾਹਿਲ ਨਾਂਅ ਦੇ ਨੌਜਵਾਨ ਨੇ ਦੱਸਿਆ ਕਿ ਉਹ ਸ਼੍ਰੀਬ੍ਰਾਈਟ ਮੈਜਿਕ ਕੰਪਨੀ ਵਿਚ ਕੰਮ ਕਰਦਾ ਹੈ। ਇਸ ਕੰਪਨੀ ਦਾ ਦਫ਼ਤਰ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਹੈ। ਇਹ ਕੰਪਨੀ ਆਰਡਰ ‘ਤੇ ਸੋਨਾ ਬਣਾਉਂਦੀ ਅਤੇ ਸਪਲਾਈ ਕਰਦੀ ਹੈ। ਰਾਜੂ ਰਾਮ ਨਾਂਅ ਦਾ ਮੁਲਾਜ਼ਮ 3 ਕਿਲੋ 760 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਰੇਲ ਗੱਡੀ ਰਾਹੀਂ ਦਿੱਲੀ ਤੋਂ ਬਠਿੰਡਾ ਆ ਰਿਹਾ ਸੀ। ਇਹ ਸੋਨੇ ਦੇ ਗਹਿਣੇ ਇਕ ਬੈਗ ਵਿਚ ਸਨ। ਜਦੋਂ ਰੇਲ ਗੱਡੀ ਸੰਗਰੂਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਚਾਰ ਅਣਪਛਾਤੇ ਵਿਅਕਤੀ ਰਾਜੂ ਰਾਮ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ |