ਬਠਿੰਡਾ : ਫੁੱਫੜ ਨੇ ਭਤੀਜੇ ਨਾਲ ਵਿਆਹੀ ਆਪਣੀ ਸਾਬਕਾ ਪ੍ਰੇਮਿਕਾ, ਸੱਚ ਸਾਹਮਣੇ ਆਉਣ ‘ਤੇ ਭਤੀਜੇ ਦਾ ਕੀਤਾ ਬੇਰਹਿਮੀ ਨਾਲ ਕਤਲ

0
1317

ਬਠਿੰਡਾ| ਬਠਿੰਡਾ ਵਿੱਚ ਹੋਏ ਕਤਲ ਦੀ ਗੁੱਥੀ ਨੂੰ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ। ਇੱਥੇ ਅੰਬੂਜਾ ਸੀਮਿੰਟ ਫੈਕਟਰੀ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਟਰੈਕਟਰ ਨਾਲ ਕੁਚਲ ਕੇ ਵਾਰਦਾਤ ਨੂੰ ਐਕਸੀਡੈਂਟ ਵਜੋਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਦੀ ਜਾਂਚ ‘ਚ ਇਹ ਘਟਨਾ ਕਤਲ ਦਾ ਮਾਮਲਾ ਨਿਕਲਿਆ। ਕਤਲ ਦਾ ਦੋਸ਼ੀ ਮ੍ਰਿਤਕ ਦਾ ਫੁੱਫੜ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੁੱਫੜ ਨੇ ਆਪਣੀ ਸਾਬਕਾ ਪ੍ਰੇਮਿਕਾ ਦਾ ਵਿਆਹ ਮ੍ਰਿਤਕ ਨਾਲ ਕਰਵਾ ਦਿੱਤਾ ਅਤੇ ਵਿਆਹ ਤੋਂ ਬਾਅਦ ਵੀ ਇਹ ਰਿਸ਼ਤਾ ਜਾਰੀ ਰਿਹਾ। ਜਦੋਂ ਇਸ ਗੱਲ ਦਾ ਪਤਾ ਭਤੀਜੇ ਨੂੰ ਲੱਗਾ ਤਾਂ ਚਾਚੇ ਨੇ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦਾ ਨਾਮ ਲਖਵੀਰ ਸਿੰਘ ਹੈ।

ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਜਸਵਿੰਦਰ ਸਿੰਘ ਉਰਫ ਕਾਲਾ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ (ਬਠਿੰਡਾ) ਮ੍ਰਿਤਕ ਦਾ ਫੁੱਫੜ ਸੀ। ਜਤਿੰਦਰ ਸਿੰਘ ਉਰਫ਼ ਜਿੰਦੂ ਵਾਸੀ ਪਿੰਡ ਡੰਡਾ ਅਤੇ ਰੁਪਿੰਦਰ ਸਿੰਘ ਉਰਫ਼ ਪਿੰਦਾ ਵਾਸੀ ਪਿੰਡ ਹਰੀਕੇ ਕਲਾਂ (ਸ਼੍ਰੀ ਮੁਕਤਸਰ ਸਾਹਿਬ) ਵੀ ਇਸ ਕਤਲ ਕੇਸ ਵਿੱਚ ਸ਼ਾਮਲ ਹਨ। ਪੁਲਿਸ ਵੱਲੋਂ ਜਸਵਿੰਦਰ ਸਿੰਘ, ਜਤਿੰਦਰ ਸਿੰਘ ਉਰਫ਼ ਜਿੰਦੂ ਅਤੇ ਰੁਪਿੰਦਰ ਸਿੰਘ ਉਰਫ਼ ਪਿੰਦਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਇਸ ਪੂਰੇ ਕਤਲਕਾਂਡ ਦਾ ਪਰਦਾਫਾਸ਼ ਹੋ ਗਿਆ।

ਵਾਰਦਾਤ ‘ਚ ਵਰਤਿਆ ਗਿਆ ਟਰਾਲਾ ਘੋੜਾ ਅਤੇ ਲੋਹੇ ਦੀ ਰਾਡ ਬਰਾਮਦ ਕਰ ਲਈ ਗਈ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਜਸਵਿੰਦਰ ਸਿੰਘ ਨੇ ਹੀ ਲਖਵੀਰ ਸਿੰਘ ਦਾ ਰਿਸ਼ਤਾ ਤੈਅ ਕੀਤਾ ਸੀ। ਵਿਆਹ ਤੋਂ ਬਾਅਦ ਲਖਵੀਰ ਸਿੰਘ ਨੂੰ ਸ਼ੱਕ ਹੋਣ ਲੱਗਾ ਕਿ ਉਸਦੇ ਫੁੱਫੜ ਦਾ ਉਸਦੀ ਪਤਨੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਲਖਵੀਰ ਸਿੰਘ ਅਤੇ ਜਸਵਿੰਦਰ ਸਿੰਘ ਵਿਚਕਾਰ ਕਈ ਵਾਰ ਝਗੜਾ ਹੋ ਚੁੱਕਾ ਸੀ। ਇਸ ਕਾਰਨ ਕਥਿਤ ਦੋਸ਼ੀ ਜਸਵਿੰਦਰ ਸਿੰਘ ਨੇ ਮ੍ਰਿਤਕ ਲਖਵੀਰ ਸਿੰਘ ਲਈ ਆਪਣੇ ਦਿਲ ਵਿੱਚ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਜਸਵਿੰਦਰ ਸਿੰਘ ਨੇ ਲਖਵੀਰ ਸਿੰਘ ਦੇ ਕਤਲ ਸਬੰਧੀ ਰਿਸ਼ਤੇਦਾਰ ਜਤਿੰਦਰ ਸਿੰਘ ਉਰਫ ਜਿੰਦੂ ਨਾਲ ਗੱਲ ਕੀਤੀ। ਜਿੰਦੂ ਨੂੰ ਇਸ ਰਿਸ਼ਤੇ ਬਾਰੇ ਪਤਾ ਸੀ। ਦੋਸ਼ੀ ਜਿੰਦੂ ਨੇ ਸਾਜ਼ਿਸ਼ ਤਹਿਤ ਮ੍ਰਿਤਕ ਲਖਵੀਰ ਸਿੰਘ ਨੂੰ ਅੰਬੂਜਾ ਸੀਮਿੰਟ ਫੈਕਟਰੀ ਨੇੜੇ ਬੁਲਾਇਆ। ਜਿੱਥੇ ਦੋਸ਼ੀ ਜਿੰਦੂ ਅਤੇ ਰੁਪਿੰਦਰ ਸਿੰਘ ਉਰਫ਼ ਪਿੰਦਾ ਨੇ ਲਖਵੀਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫਿਰ ਉਸ ਨੇ ਆਪਣੇ ਟਰੈਕਟਰ ਨਾਲ ਉਸ ਨੂੰ ਕੁਚਲ ਦਿੱਤਾ। ਘਟਨਾ ਨੂੰ ਐਕਸੀਡੈਂਟ ਦਿਖਾਉਣ ਤੋਂ ਬਾਅਦ ਮੁਲਜ਼ਮ ਲਖਵੀਰ ਸਿੰਘ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਏ।

ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 9 ਮਾਰਚ 2023 ਨੂੰ ਗਿੱਦੜਬਾਹਾ ਦੇ ਰਹਿਣ ਵਾਲੇ ਲਖਵੀਰ ਸਿੰਘ ਦੀ ਲਾਸ਼ ਅੰਬੂਜਾ ਸੀਮਿੰਟ ਫੈਕਟਰੀ ਨੇੜਿਓਂ ਮਿਲੀ ਸੀ। ਮਾਮਲਾ ਸ਼ੱਕੀ ਜਾਪਦਿਆਂ ਐਸ.ਪੀ ਅਜੈ ਗਾਂਧੀ, ਦਵਿੰਦਰ ਸਿੰਘ ਐਸ.ਪੀ (ਇਨਵੈਸਟੀਗੇਸ਼ਨ) ਬਠਿੰਡਾ ਅਤੇ ਗੁਰਪ੍ਰੀਤ ਸਿੰਘ ਡੀ.ਐਸ.ਪੀ ਸਿਟੀ ਐਸ.ਪੀ. -2 ਬਠਿੰਡਾ ਦੇ ਇੰਸਪੈਕਟਰ ਤਰਲੋਚਨ ਸਿੰਘ ਅਤੇ ਸੀਆਈਏ ਸਟਾਫ਼ ਦੇ ਐਸਆਈ ਹਰਜੋਤ ਸਿੰਘ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ।