ਬਠਿੰਡਾ : 2 ਏਕੜ ਜ਼ਮੀਨ ਪਿੱਛੇ ਪੁੱਤ ਨੇ ਕੀਤਾ ਮਾਂ ਦਾ ਕਤਲ, ਹੁਣ ਨੂੰਹ ਬਾਰੇ ਵੀ ਸਾਹਮਣੇ ਆਈ ਇਹ ਗੱਲ

0
1258

ਬਠਿੰਡਾ : ਪਿੰਡ ਕਲਿਆਣ ਸੁੱਖਾ ’ਚ 11 ਮਾਰਚ 2021 ਨੂੰ ਇਕ ਔਰਤ ਦੇ ਕਤਲ ਮਾਮਲੇ ਵਿਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਦੋਸ਼ੀ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਇਸੇ ਮਾਮਲੇ ’ਚ ਨੂੰਹ ਨੂੰ ਬਰੀ ਕਰ ਦਿੱਤਾ ਗਿਆ ਹੈ।

ਪਿੰਡ ਕੋਟੜਾ ਕੌੜਾ ਵਾਸੀ ਪਿਆਰਾ ਸਿੰਘ ਨੇ ਥਾਣਾ ਨਥਾਣਾ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ 11 ਮਾਰਚ 2021 ਨੂੰ ਪਿੰਡ ਕਲਿਆਣ ਸੁੱਖਾ ਵਿਖੇ ਆਪਣੀ ਵਿਆਹੁਤਾ ਭੈਣ ਹਰਭਜਨ ਕੌਰ ਦੇ ਘਰ ਗਿਆ ਸੀ। ਉਹ ਵਿਹੜੇ ਵਿਚ ਮੰਜੇ ’ਤੇ ਪਈ ਸੀ ਜਿਸ ’ਤੇ ਕਿਸੇ ਨੇ ਕੰਬਲ ਪਾਇਆ ਹੋਇਆ ਸੀ।

ਜਦੋਂ ਉਸ ਨੇ ਕੰਬਲ ਹਟਾਇਆ ਤਾਂ ਉਸ ਦੀ ਭੈਣ ਹਰਭਜਨ ਕੌਰ ਖ਼ੂਨ ਨਾਲ ਲੱਥਪੱਥ ਪਈ ਸੀ। ਪਿਆਰਾ ਸਿੰਘ ਅਨੁਸਾਰ, ਅਸਲ ਵਿਚ ਉਸ ਦੀ ਭੈਣ ਹਰਭਜਨ ਕੌਰ ਦਾ ਕਤਲ ਉਸ ਦੇ ਪੁੱਤਰ ਸੁਰਜੀਤ ਸਿੰਘ ਉਰਫ ਸੀਤਾ ਅਤੇ ਉਸ ਦੀ ਨੂੰਹ ਸੁਖਜੀਤ ਕੌਰ ਨੇ ਕੀਤਾ ਸੀ। ਉਹ ਹਰਭਜਨ ਕੌਰ ਦੀ ਵਿਰਾਸਤ ਵਿਚ ਮਿਲੀ ਦੋ ਏਕੜ ਜ਼ਮੀਨ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਪਰ ਉਸ ਦੀ ਭੈਣ ਇਹ ਜ਼ਮੀਨ ਉਸ ਦੇ ਨਾਂ ’ਤੇ ਨਹੀਂ ਕਰਵਾ ਰਹੀ ਸੀ। ਇਸ ਕਾਰਨ ਨੂੰਹ-ਪੁੱਤ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।