ਬਠਿੰਡਾ , 9 ਫਰਵਰੀ| ਤਕਨੀਕੀ ਸਮਝ ਰੱਖਣ ਵਾਲੀ ਬਠਿੰਡਾ ਦੀ ਇਕ ਲੜਕੀ ਨੇ ਉਸ ਕੋਲੋਂ ਫ਼ੋਨ ਖੋਹਣ ਵਾਲੇ ਮੁਲਜ਼ਮ ਨੂੰ ਖੁਦ ਹੀ 4 ਦਿਨ ਵਿਚ ਲੱਭ ਲਿਆ ਹੈ। ਇਸ ਦੇ ਨਾਲ ਹੀ ਲੜਕੀ ਨੇ ਪੁਲਿਸ ਉਤੇ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਲੜਕੀ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਪਰ ਪੁਲਿਸ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।
ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਨਿਕਿਤਾ ਸ਼ਰਮਾ ਇਨ੍ਹੀਂ ਦਿਨੀਂ ਦਿੱਲੀ ਵਿਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਬਠਿੰਡਾ ਦੇ ਪ੍ਰਤਾਪ ਨਗਰ ਨੇੜੇ ਇਕ ਸਕੂਟਰ ਸਵਾਰ ਨੌਜਵਾਨ ਨੇ ਉਸ ਦੇ ਭਰਾ ਦੇ ਹੱਥੋਂ ਉਸ ਦਾ ਫ਼ੋਨ ਖੋਹ ਲਿਆ। ਫ਼ੋਨ ਵਿਚ ਲੜਕੀ ਦਾ ਪੇਸ਼ੇਵਰ ਅਤੇ ਨਿੱਜੀ ਡੇਟਾ ਸੀ। ਨਿਕਿਤਾ ਸ਼ਰਮਾ ਦੇ ਫ਼ੋਨ ਵਿਚ ਇਕ ਟ੍ਰੈਕਿੰਗ ਐਪ ਇੰਸਟਾਲ ਸੀ, ਜਿਸ ਕਾਰਨ ਉਸ ਨੂੰ ਲੁਟੇਰਿਆਂ ਨੂੰ ਲ਼ੱਭਣ ਵਿਚ ਜ਼ਿਆਦਾ ਮੁਸ਼ਕਲ ਨਹੀਂ ਹੋਈ।
ਲੜਕੀ ਦਾ ਕਹਿਣਾ ਹੈ ਕਿ ਉਸ ਨੇ ਇਸ ਸਾਰੇ ਮਾਮਲੇ ਬਾਰੇ ਬਠਿੰਡਾ ਪੁਲਿਸ ਨੂੰ ਵੀ ਦੱਸਿਆ ਪਰ ਬਠਿੰਡਾ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ। ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਪਰ ਨਾ ਤਾਂ ਲੜਕੇ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਉਸ ਦੇ ਖਿਲਾਫ ਕੋਈ ਮਾਮਲਾ ਦਰਜ ਕੀਤਾ। ਨਿਕਿਤਾ ਸ਼ਰਮਾ ਇਕ ਸਥਾਨਕ ਅਖਬਾਰ ਦੇ ਰਿਪੋਰਟਰ ਦੀ ਧੀ ਹੈ।
ਵੀਰਵਾਰ ਨੂੰ ਉਸ ਨੇ ਖੁਦ ਲੁਟੇਰੇ ਦਾ ਪਤਾ ਲੱਭਿਆ, ਜਿਥੇ ਮੁਲਜ਼ਮ ਨੇ ਅਪਣੇ ਪਰਵਾਰ ਸਾਹਮਣੇ ਉਸ ਦਾ ਫੋਨ ਖੋਹਣ ਦੀ ਗੱਲ ਕਬੂਲ ਕਰ ਲਈ। ਮੁਲਜ਼ਮ ਨੇ ਫੋਨ ਕਿਸੇ ਕੋਲ ਗਿਰਵੀ ਰੱਖ ਦਿਤਾ ਸੀ ਪਰ ਉਸ ਦੇ ਪਿਤਾ 2,000 ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਇਸ ਨੂੰ ਵਾਪਸ ਲੈ ਆਏ।
ਇਸ ਮਾਮਲੇ ਵਿਚ ਐਸ.ਐਚ.ਓ. ਬਾਗ ਪਰਮ ਪਾਰਸ ਸਿੰਘ ਚਾਹਲ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ, “ਅਸੀਂ ਪੂਰਾ ਸਹਿਯੋਗ ਦਿਤਾ ਅਤੇ ਚੋਰੀ ਹੋਇਆ ਫ਼ੋਨ ਇਲੈਕਟ੍ਰਾਨਿਕ ਨਿਗਰਾਨੀ ਅਧੀਨ ਸੀ। ਪਰ ਸਾਡੀ ਟੀਮ ਸ਼ੱਕੀ ਦਾ ਨਵਾਂ ਰਿਹਾਇਸ਼ੀ ਪਤਾ ਨਹੀਂ ਲੱਭ ਸਕੀ। ਸ਼ੱਕੀ ਨੂੰ ਹੋਰ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ”।