ਬਠਿੰਡਾ | ਹੋਟਲ ਵਿਚ ਲੜਕੀ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਦੇ ਦੋਸ਼ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਹੋਟਲ ਮੈਨੇਜਰ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ’ਤੇ ਹੀ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਹੋਟਲ ਮੈਨੇਜਰ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਅਨੁਸਾਰ ਉਕਤ ਨੌਜਵਾਨ ਮਿਲ ਕੇ ਦੇਹ ਵਪਾਰ ਦਾ ਕੰਮ ਕਰਦੇ ਹਨ ਤੇ ਲੜਕੀ ਨਾਲ ਜ਼ਬਰਦਸਤੀ ਵੀ ਕਰਦੇ ਸਨ। ਪੁਲਿਸ ਨੇ ਖੁਸ਼ਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਵਜੋਤ ਸਿੰਘ, ਅਰਸ਼ਦੀਪ ਸਿੰਘ ਵਾਸੀ ਸੁਰੂਕੀ ਜ਼ਿਲ੍ਹਾ ਫ਼ਰੀਦਕੋਟ ਨੂੰ ਮੌਕੇ ‘ਤੇ ਕਾਬੂ ਕਰ ਲਿਆ ਜਦਕਿ ਹੋਟਲ ਮੈਨੇਜਰ ਮੋਹਿਤ ਗਰਗ, ਮਨਪ੍ਰੀਤ ਸਿੰਘ ਵਾਸੀ ਪਿੰਡ ਰਾਮੇਆਣਾ ਤੇ ਧਰਮਪਾਲ ਸਿੰਘ ਵਾਸੀ ਪਿੰਡ ਗਿਲਪੱਤੀ ਨੂੰ ਵੀ ਫੜ ਲਿਆ । ਪੁਲਿਸ ਨੇ ਉਕਤ ਸਾਰੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਮੇਸ਼ ਕੁਮਾਰ ਵਾਸੀ ਹੋਮਲੈਡ ਇਨਕਲੇਵ ਬਠਿੰਡਾ ਨੇ ਦੱਸਿਆ ਕਿ 9 ਮਾਰਚ ਦੀ ਸਵੇਰ ਨੂੰ ਉਸ ਦੇ ਮੋਬਾਇਲ ‘ਤੇ ਲੜਕੀ ਨੇ ਫ਼ੋਨ ਕੀਤਾ ਤੇ ਦੱਸਿਆ ਕਿ ਕੁਝ ਲੜਕੇ ਬੀਤੀ ਰਾਤ ਉਸ ਨੂੰ ਹੋਟਲ ਲੈ ਗਏ ਹਨ। ਹੁਣ ਉਕਤ ਲੋਕ ਉਸ ਦੀ ਜ਼ਬਰਦਸਤੀ ਕੁੱਟਮਾਰ ਕਰ ਰਹੇ ਹਨ ਤੇ ਉਸ ਨੂੰ ਦੇਹ ਵਪਾਰ ਕਰਨ ਲਈ ਮਜਬੂਰ ਕਰ ਰਹੇ ਹਨ। ਲੜਕੀ ਦੇ ਸੱਦੇ ‘ਤੇ ਉਹ ਮੌਕੇ ‘ਤੇ ਹੋਟਲ ‘ਚ ਪਹੁੰਚਿਆ ਤੇ ਮੈਨੇਜਰ ਮੋਹਿਤ ਗਰਗ ਨੂੰ ਆਪਣੇ ਨਾਲ ਲੜਕੀ ਦੇ ਕਮਰੇ ‘ਚ ਲੈ ਗਿਆ ਤੇ ਉਕਤ ਨੌਜਵਾਨ ਦੇ ਚੁੰਗਲ ‘ਚੋਂ ਛੁਡਵਾਇਆ |