ਬਠਿੰਡਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬਠਿੰਡਾ ਵਿਚ ਗਲੈਂਡਰਜ਼ ਵਾਇਰਸ ਨਾਲ 2 ਘੋੜਿਆਂ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਭਿਆਨਕ ਬੀਮਾਰੀ ਲੰਪੀ ਸਕਿਨ ਤੋਂ ਬਾਅਦ ਹੁਣ ਸੂਬੇ ’ਚ ਗਲੈਂਡਰਜ਼ ਵਾਇਰਸ ਨੇ ਦਸਤਕ ਦਿੱਤੀ ਹੈ। ਇਸ ਬੀਮਾਰੀ ਨੇ ਸੂਬੇ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਵਾਇਰਸ ਦੀ ਲਪੇਟ ’ਚ ਆ ਕੇ ਘੋੜੇ ਦਮ ਤੋੜਨ ਲੱਗੇ ਹਨ। ਜ਼ਿਲ੍ਹੇ ਦੇ ਭਗਤਾ ਭਾਈਕਾ ਖੇਤਰ ’ਚ ਦੋ ਘੋੜਿਆਂ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ, ਜਿਸ ਤੋਂ ਬਾਅਦ ਘੋੜਾ ਪਾਲਕ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਘੋੜਿਆਂ ’ਚ ਗਲੈਂਡਰਜ਼ ਵਾਇਰਸ ਦੇ ਲੱਛਣ ਪਾਏ ਗਏ ਸਨ।
ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘੋੜਾ ਪਾਲਕਾਂ ਨੇ ਕਿਹਾ ਕਿ ਹੈ ਉਨ੍ਹਾਂ ਦੇ ਘੋੜਿਆਂ ਦੀ ਮੌਤ ਗਲੈਂਡਰਜ਼ ਵਾਇਰਸ ਨਾਲ ਹੋਈ ਹੈ ਪਰ ਅਜੇ ਤਕ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸਦੀ ਪੁਸ਼ਟੀ ਹੋ ਸਕੇਗੀ। ਸਭ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਇਕ ਕੇਸ ਹੁਸ਼ਿਆਰਪੁਰ ’ਚ ਸਾਹਮਣੇ ਆਇਆ ਸੀ, ਜਦਕਿ ਮਈ ਮਹੀਨੇ ’ਚ ਲਹਿਰਾ ਮੁਹੱਬਤ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਾਮੀਆਂ ਵਿਚ ਗਲੈਂਡਰਜ਼ ਵਾਇਰਸ ਦੇ ਕੇਸ ਪਾਏ ਗਏ ਹਨ ਪਰ ਵਿਭਾਗ ਨੇ ਬੀਮਾਰੀ ਦੀ ਰੋਕਥਾਮ ਲਈ ਕੋਈ ਪੁਖਤਾ ਕਦਮ ਨਹੀਂ ਉਠਾਏ, ਜਿਸ ਕਾਰਨ ਘੋੜਾ ਪਾਲਕ ਕਾਫ਼ੀ ਡਰੇ ਹੋਏ ਹਨ।
ਇਹ ਬੀਮਾਰੀ ਘੋੜਿਆਂ ਤੋਂ ਖੱਚਰਾਂ ਵਿਚ ਵੀ ਫੈਲਦੀ ਹੈ ਤੇ ਕੈਂਸਰ ਤੋਂ ਵੀ ਖਤਰਨਾਕ ਹੈ। ਗਲੈਂਡਰਜ਼ ਵਾਇਰਸ ਫੈਲਣ ਤੋਂ ਬਾਅਦ ਇੰਜੈਕਸ਼ਨ ਲਗਾ ਕੇ ਘੋੜੇ ਨੂੰ ਮਾਰਨਾ ਪੈਂਦਾ ਹੈ। ਇਸ ਬੀਮਾਰੀ ਨਾਲ ਘੋੜੇ ਨੂੰ ਬੁਖਾਰ ਹੁੰਦਾ ਹੈ ਤੇ ਫੇਫੜਿਆਂ ਉਤੇ ਅਸਰ ਪਾਂਦਾ ਹੈ, ਨੱਕ ਵਿਚੋਂ ਪਾਣੀ ਨਿਕਲਣ ਲੱਗਦਾ ਹੈ ਤੇ ਤੇਜ਼ੀ ਨਾਲ ਵਾਇਰਸ ਫੈਲਦਾ ਹੈ, ਜਿਸ ਦਾ ਅਜੇ ਤਕ ਸਟੀਕ ਇਲਾਜ ਮੌਜੂਦ ਨਹੀਂ ਹੈ। ਘੋੜੇ ਨੂੰ ਜਦੋਂ ਇਹ ਵਾਇਰਸ ਲਪੇਟ ਵਿਚ ਲੈ ਲੈਂਦਾ ਹੈ ਤਾਂ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਜਾਂਦੀ ਹੈ।