ਬਟਾਲਾ : ਮਹਿਲਾ ਨੂੰ ਅਸ਼ਲੀਲ ਮੈਸੇਜ ਕਰਨਾ ਪਿਆ ਮਹਿੰਗਾ, ਥਾਣੇ ਸੱਦੇ ਨੌਜਵਾਨ ਦੀ ਪੁਲਿਸ ਤਸ਼ੱਦਦ ‘ਚ ਮੌਤ

0
541

ਬਟਾਲਾ| ਬਟਾਲਾ ਤੋਂ ਇਕ ਬੇਹੱਦ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਇਥੋਂ ਦੇ ਨੇੜਲੇ ਪਿੰਡ ਦੇ ਇਕ ਨੌਜਵਾਨ ਦੀ ਪੁਲਿਸ ਹਿਰਾਸਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਜਵਾਨ ਮੁੰਡੇ ਨੂੰ ਕੁੱਟ-ਕੁੱਟ ਮਾਰਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤ ਵਿਆਹਿਆ ਸੀ ਤੇ ਉਸਦੇ ਦੋ ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਨੇ ਆਪਣੇ ਪੁੱਤ ਦੀ ਮੌਤ ਲਈ ਇਨਸਾਫ ਮੰਗਿਆ ਹੈ।

ਜਾਣਕਾਰੀ ਅਨੁਸਾਰ ਸੰਨੀ ਮਸੀਹ ਨਾਂ ਦੇ ਮੁੰਡੇ ਉਤੇ ਇਲਜ਼ਾਮ ਸਨ ਕਿ ਉਹ ਕਿਸੇ ਮਹਿਲਾ ਨੂੰ ਆਪਣੇ ਫੋਨ ਤੋਂ ਅਸ਼ਲੀਲ ਮੈਸਿਜ ਕਰਦਾ ਹੈ, ਜਿਸ ਕਰਕੇ ਉਸਨੂੰ ਥਾਣੇ ਬੁਲਾਇਆ ਗਿਆ ਸੀ। ਜਿਥੇ ਪੁਲਿਸ ਉਤੇ ਇਲਜ਼ਾਮ ਹਨ ਕਿ ਉਸਨੇ ਸੰਨੀ ਨਾਲ ਇਸ ਹੱਦ ਤੱਕ ਕੁੱਟਮਾਰ ਕੀਤੀ ਕਿ ਉਸਦੀ ਜ਼ੁਬਾਨ ਬਾਹਰ ਆ ਗਈ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਐਦਾਂ ਦੀ ਕੋਈ ਗੱਲ ਨਹੀਂ। ਸੰਨੀ ਨੂੰ ਇਕ ਮਾਮਲੇ ਵਿਚ ਸੱਦਿਆ ਸੀ। ਅਸਲ ਵਿਚ ਸੰਨੀ ਮਸੀਹ ਨੇ ਸੂਰਤ ਮੱਲੀ ਦੀ ਇਕ ਵਿਆਹੁਤਾ ਨੂੰ ਅਸ਼ਲੀਲ ਮੈਸੇਜ ਕੀਤੇ ਸਨ। ਜਿਸ ਉਤੇ ਉਕਤ ਮਹਿਲਾ ਦੀ ਸ਼ਿਕਾਇਤ ਉਤੇ ਸੰਨੀ ਨੂੰ ਪਰਿਵਾਰ ਸਣੇ ਥਾਣੇ ਸੱਦਿਆ ਸੀ। ਜਿਥੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ ਸੀ। ਪਰ ਉਸੇ ਮਹਿਲਾ ਨੂੰ ਇਕ ਹੋਰ ਨੰਬਰ ਤੋਂ ਵੀ ਅਸ਼ਲੀਲ ਮੈਸੇਜ ਆਉਂਦੇ ਸਨ ਤੇ ਉਹ ਨੰਬਰ ਸੰਨੀ ਦੇ ਫੋਨ ਵਿਚ ਵੀ ਸੇਵ ਸੀ। ਇਸੇ ਗੱਲ ਨੂੰ ਲੈਕੇ ਫਿਰ ਰੌਲ਼ਾ ਪੈ ਗਿਆ।

ਜਿਸ ਵਿਚਾਲੇ ਸੰਨੀ ਨੇ ਕੰਧ ਵਿਚ ਸਿਰ ਮਾਰ ਲਿਆ, ਜਿਸ ਦੌਰਾਨ ਉਸਦੀ ਹਾਲਤ ਵਿਗੜ ਗਈ, ਜਿਸ ਨਾਲ ਉਸਦੀ ਜ਼ੁਬਾਨ ਬਾਹਰ ਆ ਗਈ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।