ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਦੀ ਅੱਜ ਪੇਸ਼ੀ, ਡੇਰਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ ਹੈ ਸੰਦੀਪ ਬਰੇਟਾ

0
1449

ਫਰੀਦਕੋਟ| ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ  ਨੂੰ ਬੈਂਗਲੁਰੂ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਫਰੀਦਕੋਟ ਦੀ ਅਦਾਲਤ  ਵਿੱਚ ਪੇਸ਼ ਕੀਤਾ ਜਾਵੇਗਾ, ਕੱਲ੍ਹ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਪਿਛਲੇ ਕਰੀਬ ਅੱਠ ਸਾਲਾਂ ਤੋਂ ਲੋੜੀਂਦੇ ਭਗੌੜੇ ਅਪਰਾਧੀ ਸੰਦੀਪ ਬਰੇਟਾ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ। ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ ਅਤੇ ਉਸ ਦੇ ਦੋ ਸਾਥੀ 2015 ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਲੋੜੀਂਦੇ ਸਨ।

ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਬੇਅਦਬੀ ਦੇ ਮਾਮਲੇ ‘ਚ ਇਸ ਗ੍ਰਿਫਤਾਰੀ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।