ਪੰਜਾਬ ‘ਚ ਬੈਂਕ/ਏ.ਟੀ.ਐਮਜ਼ ਨੂੰ ਪੂਰਾ ਹਫਤਾ ਖੋਲਣ ਦੀ ਛੂਟ, ਪੋਸਟਲ ਤੇ ਕੋਰੀਅਰ ਸੇਵਾਵਾਂ ਤੋਂ ਕਰਫਿਊ ਬੰਦਸ਼ਾਂ ਤੋਂ ਹਟਾਈਆਂ

0
1111

ਚੰਡੀਗੜ੍ਹ. ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨਵੀਂ ਹਦਾਇਤਾਂ ਮੁਤਾਬਿਕ ਹੁਣ ਸੂਬੇ ਵਿੱਚ ਸਿਹਤ ਵਿਭਾਗ ਸਟਾਫ, ਡਾਕਟਰਾਂ ਤੇ ਰੈਗੂਲਰ ਮਰੀਜ਼ਾਂ ਨੂੰ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਜਦਕਿ ਬੈਂਕਾਂ/ਏ.ਟੀ.ਐਮਜ਼ ਨੂੰ ਵੀ ਸਾਰਾ ਹਫਤਾ ਖੁੱਲੇ ਰਹਿਣ ਦੀ ਇਜ਼ਾਜਤ ਹੋਵੇਗੀ, ਬਸ਼ਰਤੇ ਕਿ ਕੋਵਿਡ-19 ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਮੰਤਰੀਆਂ ਦੇ ਸਮੂਹ ਨਾਲ ਕੋਵਿਡ-19 ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਹਦਾਇਤਾਂ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਣਾਲੀ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜਾਰੀ ਕੀਤੀਆਂ ਗਈਆਂ ਹਨ।
ਨਵੀਆਂ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟਜ਼ ਨੂੰ ਰਸਮੀ ਤੌਰ ‘ਤੇ ਕਰਫਿਊ 31 ਮਾਰਚ, 2020 ਤੋਂ 14 ਅਪ੍ਰੈਲ, 2020 ਤੱਕ ਵਧਾਉਣ ਲਈ ਦੱਸ ਦਿੱਤਾ ਹੈ।

ਪਹਿਲਾਂ ਤੋਂ ਹੀ ਦਿੱਤੀਆਂ ਛੋਟਾਂ ਦੇ ਜਾਰੀ ਰਹਿਣ ਤੋਂ ਇਲਾਵਾ ਡਾਕ ਦਫਤਰਾਂ ਤੇ ਕੋਰੀਅਰ ਸੇਵਾਵਾਂ ਨੂੰ ਵੀ ਨਵੀਆਂ ਹਦਾਇਤਾਂ ਅਨੁਸਾਰ ਖੋਲਣ ਦੀ ਆਗਿਆ ਦੇ ਦਿੱਤੀ ਹੈ। ਬੈਂਕ ਤੇ ਏ.ਟੀ.ਐਮਜ਼ ਨੂੰ ਪੂਰਾ ਹਫਤਾ ਖੋਲਣ ਦੀ ਇਜ਼ਾਜਤ ਦੇ ਦਿੱਤੀ ਹੈ ਜਦਕਿ ਇਸ ਤੋਂ ਪਹਿਲਾਂ ਹਫਤੇ ਵਿੱਚ ਦੋ ਦਿਨ ਦੀ ਆਗਿਆ ਦਿੱਤੀ ਗਈ ਸੀ, ਬਸ਼ਰਤੇ ਕਿ ਉਥੇ ਸਮਾਜਿਕ ਵਿੱਥ ਸਣੇ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਕਰਮਚਾਰੀਆਂ ਨੂੰ ਹੁਣ ਆਪੋ-ਆਪਣੇ ਵਿਭਾਗਾਂ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ਰਾਹੀਂ ਕੰਮ ਕਰਨ ਦੀ ਆਗਿਆ ਹੋਵੇਗੀ, ਇਸ ਲਈ ਉਨ੍ਹਾਂ ਨੂੰ ਵੱਖਰੇ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਹੋਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।