ਬੰਬੀਹਾ ਗੈਂਗ ਦੀ ਕਬੱਡੀ ਖਿਡਾਰੀਆਂ ਨੂੰ ਧਮਕੀ, ਜੇ ਕੋਈ ਖਿਡਾਰੀ ਜੱਗੂ ਦੇ ਕਹਿਣ ‘ਤੇ ਮੈਚ ਖੇਡਿਆ ਤਾਂ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੋਵੇਗਾ

0
683

ਚੰਡੀਗੜ੍ਹ। ਪੰਜਾਬ ਵਿੱਚ ਗੈਂਗਸਟਰ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਧਮਕੀਆਂ ਦੇ ਰਹੇ ਹਨ। 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਚਿਤਾਵਨੀ ਦਿੱਤੀ। ਬੰਬੀਹਾ ਗੈਂਗ ਨੇ ਲਿਖਿਆ ਹੈ ਕਿ ਉਹ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਆਖਰੀ ਵਾਰ ਕਹਿ ਰਹੇ ਨੇ ਕਿ ਉਹ ਜੱਗੂ ਭਗਵਾਨਪੁਰੀਆ ਦੇ ਕਹਿਣ ‘ਤੇ ਕਬੱਡੀ ਮੈਚ ਨਾ ਖੇਡਣ ਤੇ ਨਾ ਹੀ ਆਯੋਜਿਤ ਕਰਨ।

ਬੰਬੀਹਾ ਗੈਂਗ ਨੇ ਦੱਸਿਆ ਕਿ ਉਨ੍ਹਾਂ ਦੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੱਗੂ ਭਗਵਾਨਪੁਰੀਆ ਕਬੱਡੀ ਰਾਹੀਂ ਆਪਣੀ ਬਲੈਕ ਮਨੀ ਵ੍ਹਾਈਟ ਕਰ ਰਿਹਾ ਹੈ। ਇਸ ਲਈ ਕਬੱਡੀ ਖਿਡਾਰੀਆਂ ਨੂੰ ਉਨ੍ਹਾਂ ਦੀ ਆਖਰੀ ਬੇਨਤੀ ਹੈ ਕਿ ਕੋਈ ਵੀ ਖਿਡਾਰੀ ਭਗਵਾਨਪੁਰੀਆ ਦੇ ਕਹਿਣ ‘ਤੇ ਕਬੱਡੀ ਨਾ ਖੇਡੇ ਅਤੇ ਨਾ ਹੀ ਸਾਡੇ ਕਹਿਣ ‘ਤੇ ਖੇਡੇ, ਜਿੱਥੇ ਖਿਡਾਰੀ ਦਾ ਦਿਲ ਕਰਦਾ ਹੈ, ਉਥੇ ਖੇਡੇ। ਜੇ ਸਾਨੂੰ ਪਤਾ ਲੱਗਾ ਕਿ ਇਹ ਖਿਡਾਰੀ ਜੱਗੂ ਦੇ ਇਸ਼ਾਰੇ ‘ਤੇ ਖੇਡ ਰਿਹਾ ਹੈ ਤਾਂ ਉਸ ਦੀ ਮੌਤ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।

ਦੱਸ ਦੇਈਏ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਕਲਾਂ ਵਿੱਚ ਇਕ ਟੂਰਨਾਮੈਂਟ ਦੌਰਾਨ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਸੰਦੀਪ ਦੇ ਕਤਲ ਮਾਮਲੇ ‘ਚ ਗੈਂਗਸਟਰਾਂ ਫਤਿਹ ਉਰਫ਼ ਯੁਵਰਾਜ, ਕੌਸ਼ਲ ਚੌਧਰੀ, ਜੁਝਾਰ ਉਰਫ਼ ਸਿਮਰਨਜੀਤ ਸੰਨੀ, ਅਮਿਤ ਡਾਗਰ ਅਤੇ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਸਨਾਵਰ ਢਿੱਲੋਂ ਵਿਦੇਸ਼ ‘ਚ ਬੈਠਾ ਹੈ, ਜਿਸ ਦੇ ਨਾਂ ‘ਤੇ ਧਮਕੀਆਂ ਮਿਲ ਰਹੀਆਂ ਹਨ, ਉਹ ਇਸ ਮਾਮਲੇ ਦਾ ਮਾਸਟਰਮਾਈਂਡ ਹੈ।

ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਉਰਫ ਅੰਬੀਆ ਦਾ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਵੇਲੇ ਦੀ ਹੈ, ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ‘ਚ ਖੇਡਣ ਲਈ ਪਿੰਡ ਪਹੁੰਚਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮਚ ਗਈ ਸੀ।