ਅੰਮ੍ਰਿਤਸਰ | ਪੰਜਾਬ ਦੇ ਅਟਾਰੀ ਬਾਰਡਰ ‘ਤੇ ਢਾਈ ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ ਇਕ ਹਿੰਦੂ ਪਰਿਵਾਰ ‘ਚ ਬੱਚੇ ਦੇ ਜਨਮ ਤੋਂ ਬਾਅਦ ਇਸ ਦਾ ਨਾਂ ‘ਬਾਰਡਰ’ ਰੱਖਿਆ ਗਿਆ ਹੈ ਤਾਂ ਜੋ ਇਸ ਮੁਸੀਬਤ ਦੇ ਦੌਰ ਨੂੰ ਜ਼ਿੰਦਗੀ ਭਰ ਯਾਦ ਰੱਖਿਆ ਜਾ ਸਕੇ। ਇਹ ਪਰਿਵਾਰ 99 ਲੋਕਾਂ ਦੀ ਟੀਮ ਦਾ ਹਿੱਸਾ ਹੈ, ਜੋ ਵੀਜ਼ਾ ਮੁੱਦੇ ਦੀ ਗੜਬੜੀ ਕਾਰਨ ਭਾਰਤ ਵਿੱਚ ਫਸੇ ਹੋਏ ਹਨ।
ਮੰਦਰਾਂ ਦੇ ਦਰਸ਼ਨ ਕਰਨ ਆਏ ਸਨ ਭਾਰਤ
ਕੋਰੋਨਾ ਤੋਂ ਪਹਿਲਾਂ 99 ਹਿੰਦੂਆਂ ਦਾ ਇਕ ਜਥਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੇ ਹਿੰਦੂ ਮੰਦਰਾਂ ਦੇ ਦਰਸ਼ਨ ਕਰਨ ਭਾਰਤ ਪਹੁੰਚਿਆ ਸੀ। ਇਹ ਸਾਰੇ ਪਾਕਿਸਤਾਨੀ ਨਾਗਰਿਕ ਹਨ ਪਰ ਵੀਜ਼ੇ ਦੀ ਮਿਆਦ ਖਤਮ ਹੋਣ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਉਹ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ।
ਇਸੇ ਕਾਰਨ ਉਨ੍ਹਾਂ ਢਾਈ ਮਹੀਨਿਆਂ ਤੋਂ ਭਾਰਤ ਤੇ ਪਾਕਿਸਤਾਨ ਨੂੰ ਜੋੜਨ ਵਾਲੀ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ‘ਤੇ ਡੇਰੇ ਲਾਏ ਹੋਏ ਹਨ। ਇਸ ਕੈਂਪ ਵਿੱਚ 2 ਦਸੰਬਰ ਨੂੰ ਇਕ ਬੱਚੇ ਨੇ ਜਨਮ ਲਿਆ।
ਸਰਹੱਦ ਦੇ ਹਾਲਾਤ ਦੇਖ ਕੇ ਰੱਖਿਆ ਨਾਂ
ਬੱਚੇ ਦੇ ਪਿਤਾ ਬਲਰਾਮ ਰਾਮ ਵਾਸੀ ਪਿੰਡ ਰਹਿਮੀਆ (ਪਾਕਿਸਤਾਨ) ਨੇ ਦੱਸਿਆ ਕਿ ਬੀਤੀ 2 ਦਸੰਬਰ ਨੂੰ ਉਸ ਦੀ ਪਤਨੀ ਨੂੰ ਜਣੇਪੇ ਦਾ ਦਰਦ ਹੋਇਆ। ਉਸ ਨੇ ਆਸ-ਪਾਸ ਪਿੰਡ ਦੇ ਲੋਕਾਂ ਦੀ ਮਦਦ ਲਈ। ਲੋਕਾਂ ਨੇ ਉਸ ਦੀ ਪਤਨੀ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਈ।
ਪਰਾਏ ਮੁਲਕ ਤੇ ਸਰਹੱਦ ਦੇ ਹਾਲਾਤ ਦੇਖ ਕੇ ਉਸ ਨੇ ਆਪਣੇ ਬੇਟੇ ਦਾ ਨਾਂ ਬਾਰਡਰ ਰੱਖਣ ਦਾ ਫੈਸਲਾ ਕੀਤਾ। ਬਾਲਮ ਰਾਮ ਨੇ ਦੱਸਿਆ ਕਿ ਉਸ ਦਾ ਬੇਟਾ ਵੱਡਾ ਹੋ ਕੇ ਇਸ ਨਾਂ ਬਾਰੇ ਪੁੱਛੇਗਾ ਪਰ ਉਹ ਇਸ ਲਈ ਤਿਆਰ ਹੈ। ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਹਾਲਾਤ ‘ਚ ਤੇ ਕਿੱਥੇ ਪੈਦਾ ਹੋਇਆ ਸੀ।
25 ਦਿਨ ਦਾ ਮਿਲਿਆ ਸੀ ਵੀਜ਼ਾ, ਏਜੰਟ ਨੇ ਦਿੱਤੀ ਵੈਲੀਡਿਟੀ ਬਾਰੇ ਗਲਤ ਜਾਣਕਾਰੀ
ਡੇਰੇ ‘ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਅੱਜ ਉਹ ਸਾਰੇ ਪਾਕਿਸਤਾਨ ਦੇ ਏਜੰਟਾਂ ਦੀ ਗਲਤੀ ਕਾਰਨ ਇਥੇ ਫਸੇ ਹੋਏ ਹਨ। ਉਨ੍ਹਾਂ ਦੇ ਪਾਸਪੋਰਟ ‘ਤੇ 25 ਦਿਨ ਦਾ ਵੀਜ਼ਾ ਲਗਾਇਆ ਗਿਆ ਸੀ, ਇਨ੍ਹਾਂ ਦੀ ਵੈਲੀਡਿਟੀ 3 ਮਹੀਨੇ ਸੀ ਪਰ ਏਜੰਟ ਨੇ ਉਨ੍ਹਾਂ ਨੂੰ ਗਲਤ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਵੀਜ਼ਾ 3 ਮਹੀਨਿਆਂ ਦਾ ਹੈ।
3 ਮਹੀਨੇ ਪੂਰੇ ਹੋਣ ਤੋਂ ਬਾਅਦ ਜਦੋਂ ਵਾਪਸ ਜਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਸਾਰੇ ਰਾਜਸਥਾਨ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ।
ਦਸਤਾਵੇਜ਼ ਪੂਰੇ ਨਹੀਂ, ਇਸ ਲਈ ਨਹੀਂ ਜਾ ਸਕਦੇ ਪਾਕਿਸਤਾਨ
ਬਾਲਮ ਰਾਮ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਹੇ। ਹੁਣ ਉਨ੍ਹਾਂ ਦੇ ਘਰ ਬਾਰਡਰ ਨੇ ਜਨਮ ਲਿਆ ਹੈ। ਇਸ ਲਈ ਹੁਣ ਉਸ ਨੂੰ ਆਪਣੇ ਦਸਤਾਵੇਜ਼, ਸਰਟੀਫਿਕੇਟ ਤੇ ਪਾਸਪੋਰਟ ਵੀ ਬਣਾਉਣਾ ਹੋਵੇਗਾ। ਇਸ ਤੋਂ ਬਾਅਦ ਹੀ ਪੂਰਾ ਪਰਿਵਾਰ ਪਾਕਿਸਤਾਨ ਜਾ ਸਕੇਗਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ