ਬਾਬਾ ਬਕਾਲਾ | ਬਾਬਾ ਬਕਾਲਾ ਵਿਚ ਘਰੇਲੂ ਝਗੜੇ ਨੂੰ ਸੁਲਝਾਉਣ ਗਏ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਾਲਿਆਂ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇਕ ਮੁਲਾਜ਼ਮ ਦਾ ਸਿਰ ਪਾੜ ਦਿੱਤਾ ਤੇ ਕਈਆਂ ਦੇ ਸਰੀਰ ਉਤੇ ਡਾਂਗਾਂ ਸੋਟੀਆਂ ਦੇ ਨਿਸ਼ਾਨ ਵੀ ਵੇਖਣ ਨੂੰ ਮਿਲੇ ਘਟਨਾ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਬੁਤਾਲਾ ਦੀ ਹੈ।
ਜਾਣਕਾਰੀ ਅਨੁਸਾਰ ਕਸਬਾ ਬਾਬਾ ਬਕਾਲਾ ਦੀ ਵਸਨੀਕ ਰਜਵੰਤ ਕੌਰ ਨੇ 181 ਉਤੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਗੁਆਂਢ ਵਿਚ ਰਹਿੰਦੇ ਸ਼ਰੀਕੇ ਵਿਚੋਂ ਕੁਝ ਵਿਅਕਤੀਆਂ ਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਹੈ ਅਤੇ ਘਰ ਦੀ ਭੰਨਤੋੜ ਕਰ ਰਹੇ ਹਨ, ਜਿਸ ਉਤੇ ਉਕਤ ਮਹਿਲਾ ਨੇ ਪੁਲਿਸ ਪਾਰਟੀ ਨੂੰ ਬੁਲਾ ਲਿਆ। ਲਗਭਗ 11 ਵਜੇ ਬੁਤਾਲਾ ਦੇ ਚੌਕੀ ਇੰਚਾਰਜ ਹਰਦੀਪ ਸਿੰਘ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਉਤੇ ਪੁੱਜੇ ਅਤੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਰਾਜਵੰਤ ਕੌਰ ਤੇ ਉਸਦੇ ਦੋ ਬੱਚਿਆਂ ਨੂੰ ਹਮਲਾਵਰਾਂ ਤੋਂ ਬਚਾਉਣ ਖਾਤਿਰ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਪਰ 12 ਤੋਂ 15 ਹਮਲਾਵਰਾਂ ਨੇ ਪੁਲਿਸ ਪਾਰਟੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਪੁਲਿਸ ਨੂੰ ਅੱਧਾ ਘੰਟਾ ਬੰਧਕ ਵੀ ਬਣਾਈ ਰੱਖਿਆ। ਇਸ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਦਾ ਸਿਰ ਵੀ ਪਾਟ ਗਿਆ ਤੇ ਉਸਦੇ 8 ਟਾਂਕੇ ਵੀ ਲੱਗੇ। ਹੋਰ ਵੀ ਕਈ ਪੁਲਿਸ ਵਾਲਿਆਂ ਦੇ ਸੱਟਾਂ ਲੱਗੀਆਂ।
ਦੂਜੇ ਪਾਸੇ ਬਾਬਾ ਬਕਾਲਾ ਦੇ ਡੀਐਸਪੀ ਨੇ ਕਿਹਾ ਕਿ ਹਮਲਾਵਰ ਕਿਸੇ ਵੀ ਕੀਮਤ ਉਤੇ ਬਖਸ਼ੇ ਨਹੀਂ ਜਾਣਗੇ। 12 ਲੋਕਾਂ ਉਤੇ ਬਾਈਨੇਮ ਤੇ ਕਈ ਅਣਪਛਾਤੇ ਲੋਕਾਂ ਉਤੇ ਪਰਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਘਰੋਂ ਚੁੱਕ-ਚੁੱਕ ਲਿਆਂਦਾ ਜਾਵੇਗਾ।