ਨਵੀਂ ਦਿੱਲੀ, 7 ਫਰਵਰੀ | ਸੰਸਦ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਵਿਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਗ੍ਰਹਿ ਮੰਤਰਾਲੇ ਵਿਚ ਦਾਖਲ ਹੋਇਆ। ਦਿੱਲੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦਿੱਲੀ ਦੱਤ ਮਾਰਗ ਥਾਣਾ ਪੁਲਿਸ ਨੇ ਇਕ ਨੌਜਵਾਨ ਨੂੰ ਫਰਜ਼ੀ ਪਛਾਣ ਪੱਤਰ ‘ਤੇ ਨੌਰਥ ਬਲਾਕ ਸਥਿਤ ਗ੍ਰਹਿ ਮੰਤਰਾਲੇ ਦੇ ਦਫਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ। ਮੁੱਢਲੀ ਜਾਂਚ ਮੁਤਾਬਕ ਫੜੇ ਗਏ ਨੌਜਵਾਨ ਦਾ ਨਾਂ ਆਦਿਤਿਆ ਪ੍ਰਤਾਪ ਸਿੰਘ ਦੱਸਿਆ ਜਾ ਰਿਹਾ ਹੈ।
ਪੁਲਿਸ ਜਾਂਚ ਕਰ ਰਹੀ ਹੈ ਕਿ ਆਦਿਤਿਆ ਫਰਜ਼ੀ ਆਈਡੀ ‘ਤੇ ਕਿਸ ਮਕਸਦ ਨਾਲ ਦਾਖਲ ਹੋਇਆ ਸੀ ਪਰ ਲੱਗਦਾ ਹੈ ਕਿ ਉਹ ਕਿਸੇ ਨਾਲ ਧੋਖਾਧੜੀ ਕਰਨ ਦੀ ਨੀਅਤ ਨਾਲ ਅੰਦਰ ਵੜਿਆ ਸੀ। ਸਪੈਸ਼ਲ ਸੈੱਲ ਅਤੇ ਹੋਰ ਏਜੰਸੀਆਂ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ ਹੈ। ਲੋਕ ਸਭਾ ਵਿਚ ਪਿਛਲੇ ਸਾਲ 13 ਦਸੰਬਰ ਨੂੰ 2 ਨੌਜਵਾਨਾਂ ਨੇ ਦਰਸ਼ਕ ਗੈਲਰੀ ਵਿਚੋਂ ਛਾਲ ਮਾਰ ਕੇ ਡੈਸਕ ਉੱਤੇ ਚੜ੍ਹ ਕੇ ਰੰਗਾਂ ਦਾ ਧੂੰਆਂ ਕੱਢਣਾ ਸ਼ੁਰੂ ਕਰ ਦਿੱਤਾ ਸੀ।