ਧਾਰਮਿਕ ਸਥਾਨ ਆ ਰਹੇ ASI ਦੀ ਕਾਰ ਨਹਿਰ ‘ਚ ਡਿੱਗੀ, ਧੀ ਦੀ ਮੌਤ, ਲੋਕਾਂ ਨੇ ਪਿਓ ਨੂੰ ਬਚਾਇਆ

0
474

ਪਠਾਨਕੋਟ, 28 ਨਵੰਬਰ | ਪਿੰਡ ਜਸਵਾਲੀ ਨੇੜੇ ਅੱਜ ਇੱਕ ਕਾਰ ਨਹਿਰ ਵਿਚ ਡਿੱਗ ਗਈ। ਕਾਰ ਵਿਚ ਪਿਓ-ਧੀ ਸਫਰ ਕਰ ਰਹੇ ਸਨ। ਇਸ ਹਾਦਸੇ ‘ਚ ਬੇਟੀ ਦੀ ਮੌਤ ਹੋ ਗਈ, ਜਦਕਿ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਨਹਿਰ ਦਾ ਪਾਣੀ ਬੰਦ ਕਰ ਕੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ।

ਦੋਵੇਂ ਪਿਓ-ਧੀ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੇ ਸਨ। ਉਨ੍ਹਾਂ ਦੀ ਆਈ 20 ਕਾਰ ਪਿੰਡ ਜਸਵਾਲੀ ਨੇੜੇ ਯੂ.ਵੀ.ਡੀ.ਸੀ ਨਹਿਰ ਵਿਚ ਡਿੱਗ ਗਈ। ਇਹ ਲੋਕ ਬਟਾਲੇ ਦੇ ਵਸਨੀਕ ਦੱਸੇ ਜਾਂਦੇ ਹਨ ਅਤੇ ਕਾਰ ਵਿੱਚੋਂ ਕੱਢਿਆ ਗਿਆ ਵਿਅਕਤੀ ਪੁਲਿਸ ਵਿਚ ਏਐਸਆਈ ਵਜੋਂ ਤਾਇਨਾਤ ਹੈ।

ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਬਚਾਉਣ ਲਈ ਨਹਿਰ ਦੇ ਕੰਢੇ ਪਹੁੰਚ ਗਏ। ਜਿੱਥੋਂ ਉਨ੍ਹਾਂ ਨੇ ਪਿਤਾ ਨੂੰ ਜ਼ਿੰਦਾ ਬਾਹਰ ਕੱਢ ਲਿਆ ਪਰ ਬੇਟੀ ਜਿਸ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਦੀ ਡੁੱਬਣ ਕਾਰਨ ਮੌਤ ਹੋ ਗਈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਿਲਾ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ ਵਿਚ ਪਾਣੀ ਨੂੰ ਰੋਕ ਕੇ ਮ੍ਰਿਤਕ ਲੜਕੀ ਨੂੰ ਬਾਹਰ ਕੱਢਿਆ ਗਿਆ।

ਕਾਰ ਨੂੰ ਵੀ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਸਵਾਲੀ ਨੇੜੇ ਇੱਕ ਕਾਰ ਯੂਵੀਡੀਸੀ ਨਹਿਰ ਵਿਚ ਡਿੱਗ ਗਈ ਹੈ। ਇਸ ਵਿਚ ਦੋ ਜਣੇ ਸਨ, ਜੋ ਪਿਤਾ ਅਤੇ ਧੀ ਦੱਸੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਤਾ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਹੈ ਪਰ ਬੇਟੀ ਦੀ ਮੌਤ ਹੋ ਚੁੱਕੀ ਹੈ, ਜਿਸ ਨੂੰ ਬਚਾਇਆ ਗਿਆ ਹੈ, ਉਹ ਪੁਲਿਸ ਵਿਚ ਏਐਸਆਈ ਵਜੋਂ ਤਾਇਨਾਤ ਹੈ, ਜੋ ਕਿ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਅਤੇ ਵਾਪਸ ਘਰ ਜਾਂਦੇ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਕਾਰ ਨਹਿਰ ‘ਚ ਕਿਵੇਂ ਡਿੱਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)