–ਗੁਰਪ੍ਰੀਤ ਡੈਨੀ
ਸਿਮਰਨ ਅਕਸ ਨੂੰ ਜੇਕਰ ਇਕ ਰੰਗ ਵਿਚ ਦੇਖਣਾ ਹੋਵੇ ਤਾਂ ਤੁਹਾਨੂੰ ਉਸ ਰੰਗ ਵਿਚ ਵੀ ਕਈ ਸ਼ੇਡਜ਼ ਦਿਖਾਈ ਦੇਣਗੀਆਂ। ਉਹ ਕਿਸੇ ਸਟੇਜ਼ ਤੋਂ ਹਵਾ ਨਾਲ ਸੰਵਾਦ ਰਚਾ ਰਹੀ ਹੋਵੇ ਤਾਂ ਕਵਿੱਤਰੀ, ਲੱਕੜ ਦੀ ਫੱਟੀ ‘ਤੇ ਬੈਠੀ ਝੁੱਲ੍ਹਕਾ ਭਰਦੀ ਹੋਵੇ ਤਾਂ ਅਦਾਕਾਰ ਤੇ ਕਿਸੇ ਬੱਚੇ ਦੇ ਮੱਥੇ ‘ਤੇ ਆਏ ਮੁੜ੍ਹਕੇ ਨੂੰ ਦੇਖ ਰਹੀ ਹੋਵੇ ਤਾਂ ਉਹ ਕਹਾਣੀਕਾਰਾ ਹੁੰਦੀ ਹੈ। ਸਿਮਰਨ ਦੀ ਕਵਿਤਾ ਵਿਚ ਅੰਤਾਂ ਦੀ ਮਹੁੱਬਤ ਤੇ ਬੋਲਾਂ ਵਿਚ ਪਤਾਸਿਆਂ ਵਰਗਾ ਮਿੱਠਾ ਪਨ ਹੈ। ਅਕਸ ਜਦੋਂ ਆਪਣੇ ਪੁੱਤਰ ਦੇ ਸਿਰ ‘ਤੇ ਪੱਗ ਬਣਦੀ ਹੈ ਤਾਂ ਉਸ ਨੂੰ ਆਪਣੀਆਂ ਬਾਹਾਂ ਚਾਰ ਹੁੰਦੀਆਂ ਮਹਿਸੂਸ ਹੋਣ ਲੱਗਦੀਆਂ ਹਨ।
ਇਕ ਵਾਰ ਅਕਸ ਨੇ ਫੇਸਬੁੱਕ ‘ਤੇ ਪੋਸਟ ਕੀਤਾ “ਆਪਾਂ ਪਹਿਲੀਂ ਵਾਰ ਕਦੋਂ ਤੇ ਕਿੱਥੇ ਮਿਲੇ ਸੀ” ਬੀਬਾ ਬਲਵੰਤ ਕੁਮੈਂਟ ਕਰਦੇ ਨੇ ਕਿ ਦੱਸ ਤਾਂ ਦੇਵਾਂ ਪਰ ਲੋਕ ਕੀ ਕਹਿਣਗੇ, ਅਕਸ ਦਾ ਉੱਤਰ ਸੀ “ਜੋ ਮਰਜ਼ੀ ਕਹੀ ਜਾਣ ਆਪਾ ਕੀ ਲੈਣਾ” ਮੈਨੂੰ ਇਹ ਗੱਲ ਚੰਗੀ ਲੱਗੀ। ਕੁੜੀਆਂ ਦਾ ਅੰਦਰੋਂ ਨਾ ਡਰਨਾ ਹੀ ਸਿਰਜਣਾ ਦੇ ਨੇੜੇ ਹੋਣਾ ਹੈ ਸਿਮਰਨ ਇਸੇ ਲਈ ਕਈ ਵਿਧਾਵਾਂ ਦੀ ਸਿਰਜਣਾਂ ਕਰ ਰਹੀਂ ਹੈ। ਇਸੇ ਲੜੀ ਵਿਚ ਮੈਂ ਵੀ ਕੁਮੈਂਟ ਕੀਤਾ ਕੀ ਮੈਂ ਤੁਹਾਨੂੰ ਪਹਿਲੀਂ ਵਾਰ ਤੁਹਾਡੀ ਕਿਤਾਬ “ਮੈਂ ਤੇ ਉਹ” ਜ਼ਰੀਏ ਤੇ ਦੂਸਰੀ ਵਾਰ ਲੁਧਿਆਣਾ ਕਵਿਤਾ ਕੁੰਭ ‘ਤੇ ਮਿਲਿਆ ਸਾਂ, ਅਕਸ ਨੇ ਬੜੀ ਹਲੀਮੀ ਨਾਲ ਕਿਹਾ “ਨਹੀਂ ਜੀ ਉਹ ਮਿਲਣਾ ਨਹੀਂ ਗੱਲ ਤਾਂ ਕੋਈ ਹੋਈ ਨਹੀਂ”। ਅਕਸ ਨੂੰ ਅਜਨਬੀ ਤੇ ਆਪਣੇ ਨੇੜਲੇ ਨੂੰ ਕਿਵੇਂ ਮਿਲਣਾ ਤੇ ਸੰਬੋਧਨ ਹੋਣਾ ਹੈ ਉਹ ਚੰਗੀ ਤਰ੍ਹਾਂ ਆਉਂਦਾ ਹੈ।
ਅਕਸ ਦੀਆਂ ਕਵਿਤਾਵਾਂ, ਕਹਾਣੀਆਂ ਤੇ ਤਸਵੀਰਾਂ
ਅਕਸ ਦੀਆਂ ਫੇਸਬੁੱਕ ‘ਤੇ ਪਾਈਆਂ ਤਸਵੀਰਾਂ ਦੇਖੋ, ਉਹਦੀਆਂ ਚੁੰਨੀਆਂ ਦੀ ਕਢਾਈ ਕਵਿਤਾ ਦੀ ਬਣਤਰ ਵਿਚ ਦਿਖਾਈ ਦੇਵੇਗੀ। “ਮੈਂ ਤੇ ਉਹ” ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਜਦ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਇਹ ਤਾਂ ਮੇਰੀ ਕਹਾਣੀ ਹੈ। ਬੰਦੇ ਦੀ ਮਨੋਦਸ਼ਾ ਨੂੰ ਕਿਸੇ ਤਰੀਕੇ ਨਾਲ ਫੜ੍ਹਨਾ ਹੈ, ਇਸਦਾ ਉਸਨੂੰ ਪੂਰਾ ਇਲਮ ਹੈ। ਕੋਈ ਇੰਨਾ ਹੱਸੂ–ਹੱਸੂ ਕਰਦਾ ਚਿਹਰਾ ਗਹਿਰ ਗੰਭੀਰ ਵੀ ਹੋ ਸਕਦਾ ਹੈ ਇਹ ਅਕਸ ਦੀ ਰਚਨਾ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ।
ਅੱਖਾਂ ਮੁੰਦ ਕੇ ਸੁਰਤ ਗਵਾ ਕੇ ਸੁਰਤੀ ਫ਼ੋਲ ਰਹੀ ਹਾਂ
ਮੈਂ ਆਪਣੇ ਮੰਥਨ ਦੇ ਵਿੱਚੋਂ ਤੈਨੂੰ ਟੋਲ ਰਹੀ ਹਾਂ
ਉਪਰ ਲਿਖਿਆ ਸ਼ੇਅਰ ਅਕਸ ਦੀ ਕਲਮ ਦੀ ਘੜਤ ਹੈ। ਬੰਦੇ ਕੋਲ ਸਭ ਕੁਝ ਹੈ ਪਰ ਕਵੀ ਨੂੰ ਪਤਾ ਹੈ ਕਿ ਇਹ ਸਾਰਾ ਕੁਝ ਵਿਆਰਥ ਹੈ, ਭਾਲ ਕਿਸੇ ਹੋਰ ਚੀਜ਼ ਦੀ ਹੈ। ਸ਼ਾਇਦ ਇਸ ਲਈ ਅਕਸ ਆਪਣੇ ਮੰਥਨ ਵਿਚੋਂ ਕੁਝ ਟੋਲਣਾ ਚਾਹੁੰਦੀ ਹੈ। ਸ਼ੇਅਰ ਪੜ੍ਹਨ ਵਾਲੇ ਨੂੰ ਇਹ ਮਹੁੱਬਤੀ ਵੀ ਲੱਗ ਸਕਦਾ ਹੈ, ਹਰ ਪਾਠਕ ਸੁਭਾਅ ਅਨੁਸਾਰ ਇਸ ਨੂੰ ਵੱਖ-ਵੱਖ ਤਰੀਕੇ ਨਾਲ ਲਵੇਗਾ ਪਰ ਉਹ ਤਾਂ ਆਪਣੀ ਸੁਰਤੀ ਫੋਲ ਰਹੀ ਹੈ ਤੇ ਮੰਥਨ ਵਿਚ ਝਾਕ ਰਹੀ ਹੈ। ਇਹੀ ਕਵੀ ਹੋਣ ਦੀ ਨਿਸ਼ਾਨੀ ਹੋਵੇਗੀ। ਅੰਦਰ ਝਾਤ ਮਾਰਨ ਇਹਨਾਂ ਲੋਕਾਂ ਨੂੰ ਹੀ ਆਉਂਦਾ ਹੈ। ਸਿਮਰਨ ਅਕਸ ਗੁਣਾਂ ਦੀ ਗਾਗਰ ਹੋਣ ਕਰਕੇ ਮੈਂ ਉਹਨੂੰ ਕਵਿੱਤਰੀ, ਕਹਾਣੀਕਾਰਾ ਜਾਂ ਅਦਾਕਾਰਾਂ ਨਹੀਂ ਕਹਿੰਦਾ। ਇਸੇ ਲਈ ਮੇਰੇ ਇਸ ਆਰਟੀਕਲ ਦਾ ਸਿਰਲੇਖ ਹੱਸੂ- ਹੱਸੂ ਕਰਦੇ ਚਿਹਰੇ ਵਾਲੀ ਕੁੜੀ ਹੋ ਗਿਆ ਹੈ।
(ਗੁਰਪ੍ਰੀਤ ਡੈਨੀ ਨਾਲ ਇਸ 9779250653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)