ਫੌਜੀ ਕਤਲ ਮਾਮਲਾ ਸੁਲਝਿਆ : ਮਾਂ ਵਲੋਂ ਭੜਕਾਉਣ ‘ਤੇ ਵਾਪਸ ਆ ਕੇ ਸਕੇ ਭਰਾਵਾਂ ਨੇ ਫੌਜੀ ਦੇ ਮਾਰੇ ਸਨ ਚਾਕੂ, ਮਾਂ ਪੁੱਤ ਸਣੇ ਦੋਵੇਂ ਭਰਾ ਕਾਬੂ

0
766

ਲੁਧਿਆਣਾ, 2 ਨਵੰਬਰ|  ਪੁਲਿਸ ਨੇ ਫੌਜੀ ਦੇ ਕਤਲ ਦੀ ਗੁੱਥੀ ਨੂੰ ਮਹਿਜ਼ ਛੇ ਘੰਟਿਆਂ ਵਿੱਚ ਸੁਲਝਾਉਂਦਿਆਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਤੇਜ਼ਧਾਰ ਹਥਿਆਰ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਮੁਲਜ਼ਮਾਂ ਨੇ ਦੁਸ਼ਮਣੀ ਦੇ ਚੱਲਦਿਆਂ ਸਿਪਾਹੀ ਮਲਕੀਤ ਸਿੰਘ ’ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਮਹਿਜ਼ 6 ਘੰਟਿਆਂ ਵਿਚ ਟਰੇਸ ਕਰਕੇ ਆਰੋਪੀ ਅਭੀ ਸੰਧੂ ਤੇ ਰਿੰਕੂ ਪੁੱਤਰ ਇੰਦਰਜੀਤ ਤੇ ਇਨ੍ਹਾਂ ਦੀ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਲਕੀਤ ਸਿੰਘ ਫੌਜੀ ਸੀ ਅਤੇ ਛੁੱਟੀ ‘ਤੇ ਘਰ ਆਇਆ ਹੋਇਆ ਸੀ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੀ 1 ਨਵੰਬਰ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਵਿਖੇ ਕਿਸੇ ਰਿਸ਼ਤੇਦਾਰ ਦੇ ਲੜਕੇ ਦੇ ਵਿਆਹ ਸਮਾਗਮ ਵਿੱਚ ਆਏ ਹੋਈ ਸੀ। ਇਸ ਦੌਰਾਨ ਡੀਜੇ ‘ਤੇ ਨੱਚਦੇ ਹੋਏ ਫੌਜੀ ਦੀ ਮੁਲਜ਼ਮਾਂ ਨਾਲ ਝੜਪ ਹੋ ਗਈ, ਜਿਨ੍ਹਾਂ ਨੇ ਉਸਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਉਸਦੇ ਪਤੀ ਨੂੰ ਮੋਬਾਈਲ ‘ਤੇ ਕਾਲ ਆਈ ਅਤੇ ਉਹ ਗੱਲ ਕਰਦੇ ਹੋਏ ਘਰੋਂ ਬਾਹਰ ਚਲਾ ਗਿਆ, ਜਿੱਥੇ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ।

ਮਾਂ ਦੇ ਭੜਕਾਉਣ ਪਿੱਛੋਂ ਦੁਬਾਰਾ ਹਥਿਆਰਾਂ ਨਾਲ ਲੈਸ ਹੋ ਕੇ ਆਏ ਦੋਵੇਂ ਸਕੇ ਭਰਾ 

ਜ਼ਿਕਰਯੋਗ ਹੈ ਕਿ ਫੌਜੀ ਮਲਕੀਤ ਸਿੰਘ ਨਾਲ ਗਾਣੇ ਵਜਾਉਣ ‘ਤੇ ਨੱਚਦਿਆਂ ਮੋਢਾ ਲੱਗਣ ਪਿੱਛੋਂ ਤੂੰ-ਤੂੰ ਤੋਂ ਬਾਅਦ ਆਰੋਪੀ ਘਰ ਚਲੇ ਗਏ ਸਨ ਪਰ ਮਾਂ ਵਲੋਂ ਭੜਕਾਉਣ ਉਤੇ ਦੋਵੇਂ ਭਰਾ ਦੁਬਾਰਾ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਤੇਜ਼ਧਾਰ ਹਥਿਆਰਾਂ ਨਾਲ ਫੌਜੀ ਦਾ ਕਤਲ ਕਰ ਦਿੱਤਾ।