ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ; ਧੜ ਨਾਲੋਂ ਵੱਖ ਹੋਇਆ ਮਾਪਿਆਂ ਦੇ ਇਕਲੌਤੇ MBBS ਕਰ ਰਹੇ ਪੁੱਤ ਦਾ ਸਿਰ

0
2277

ਪਟਿਆਲਾ, 2 ਨਵੰਬਰ| ਥਾਣਾ ਪਸਿਆਣਾ ਦੇ ਤਹਿਤ ਪਟਿਆਲਾ-ਸੰਗਰੂਰ ਰੋਡ ’ਤੇ ਪਿੰਡ ਧਬਲਾਣ ਮੋੜ ਨੇੜੇ ਵਾਪਰੇ ਸੜਕ ਹਾਦਸੇ ਵਿਚ ਐਮਬੀਬੀਐਸ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਰਾਤ 9 ਵਜੇ ਵਾਪਰਿਆ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਿਰ ਦਿਤੀ।

ਹਾਦਸੇ ਵਿਚ ਵਿਦਿਆਰਥੀ ਅਰਸ਼ਦੀਪ ਸਿੰਘ (34)  ਨਿਵਾਸੀ ਬਠਿੰਡਾ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ, ਜਿਸ ਦੇ ਚਲਦਿਆਂ ਉਸ ਨੇ ਮੌਕੇ ’ਤੇ ਦਮ ਤੋੜ ਦਿਤਾ। ਥਾਣਾ ਪਸਿਆਣਾ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅਰਸ਼ਦੀਪ ਪਰਿਵਾਰ ਦਾ ਇਕਲੌਤਾ ਪੁੱਤ ਸੀ, ਜੋ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿਚ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ 100 ਦੇ ਕਰੀਬ ਵਿਦਿਆਰਥੀ ਘਟਨਾ ਵਾਲੀ ਥਾਂ ਉਤੇ ਪਹੁੰਚ ਗਏ।

ਮ੍ਰਿਤਕ ਦੇ ਪਿਤਾ ਵਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਗਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਲੜਕਾ ਤੇ ਇਕ ਲੜਕੀ ਹੈ ਅਤੇ ਉਹ ਖੁਦ ਸੇਵਾਮੁਕਤ ਅਧਿਆਪਕ ਹਨ। ਲੜਕੀ ਪਟਿਆਲਾ ਵਿਚ ਕੋਚਿੰਗ ਲੈ ਰਹੀ ਹੈ ਜਦਕਿ ਲੜਕਾ ਅਰਸ਼ਦੀਪ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਸੀ।

ਇਕ ਨਵੰਬਰ ਨੂੰ ਉੁਸ ਦਾ ਪੇਪਰ ਸੀ ਤੇ ਉਹ ਲੜਕੇ ਨਾਲ ਪਟਿਆਲਾ ਆ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਥਾਣਾ ਪਸਿਆਣਾ ਮੁਖੀ ਕਰਨਵੀਰ ਸੰਧੂ ਤੇ ਉਨ੍ਹਾਂ ਦੀ ਟੀਮ ਵਲੋਂ ਟਰੱਕ ਚਾਲਕ ਦੀ ਕੁੱਝ ਘੰਟਿਆਂ ਬਾਅਦ ਤਲਾਸ਼ ਕਰ ਕੇ ਗ੍ਰਿਫਤਾਰੀ ਪਾਈ ਹੈ।