ਜਲੰਧਰ ਦੇ ਨੌਜਵਾਨ ਵਕੀਲ ਏਪੀਐਸ ਸਹਿਗਲ ਸੁਪਰੀਮ ਕੋਰਟ ‘ਚ ਭਾਰਤ ਸਰਕਾਰ ਦੇ ਵਕੀਲ ਵਜੋਂ ਹੋਏ ਨਿਯੁਕਤ

0
3015

ਜਲੰਧਰ, 23 ਅਪ੍ਰੈਲ | ਸ਼ਹਿਰ ਦੇ ਐਡਵੋਕੇਟ ਅਜੇ ਪ੍ਰਤਾਪ ਸਿੰਘ ਸਹਿਗਲ ਨੂੰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦਾ ਵਕੀਲ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਐਡਵੋਕੇਟ ਸਹਿਗਲ ਦੇ ਕਾਨੂੰਨੀ ਕੈਰੀਅਰ ਵਿੱਚ ਮੀਲ ਪੱਥਰ ਹੈ। ਪਰਿਵਾਰ ਵਿੱਚ ਪਹਿਲੀ ਪੀੜ੍ਹੀ ਦੇ ਵਕੀਲ, ਸਹਿਗਲ ਨੇ ਸਿੰਬਾਇਓਸਿਸ, ਪੁਣੇ ਤੋਂ ਗ੍ਰੈਜੂਏਸ਼ਨ ਕੀਤੀ ਅਤੇ 2015 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਾਨੂੰਨੀ ਯਾਤਰਾ ਸ਼ੁਰੂ ਕੀਤੀ। ਕੁੱਝ ਸਾਲਾਂ ਦੌਰਾਨ ਉਨਾਂ ਨੇ ਹਾਈ ਕੋਰਟ ਵਿੱਚ ਵਧੀਆ ਪ੍ਰੈਕਟਿਸ ਕੀਤੀ, ਜਿਸ ਦੌਰਾਨ ਉਨਾਂ ਨੂੰ ਵੱਖ-ਵੱਖ ਮੁਕੱਦਮਿਆਂ ਨੂੰ ਸੰਭਾਲਣ ਦਾ ਤਜਰਬਾ ਹਾਸਲ ਹੋਇਆ।

ਸਹਿਗਲ ਦੀ ਭਾਰਤ ਸਰਕਾਰ ਦੇ ਵਕੀਲ ਵਜੋਂ ਗਰੁੱਪ ਏ ਪੈਨਲ ਵਿੱਚ ਨਿਯੁਕਤੀ ਇੱਕ ਵੱਡੀ ਪ੍ਰਾਪਤੀ ਹੈ। ਉਹ ਜਲੰਧਰ ਦੇ ਇੱਕ ਨਾਮੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨਾਂ ਦੇ ਪਿਤਾ ਸੁਖਮੋਹਨ ਸਿੰਘ (ਵਿੱਕੀ) ਸਹਿਗਲ ਜੋ ਕਿ ਜਲੰਧਰ ਦੇ ਇੱਕ ਜਾਣੇ-ਪਛਾਣੇ ਕਾਰੋਬਾਰੀ ਹਨ, ਦਾ ਬੀਐਮਸੀ ਚੌਕ ਵਿੱਚ ਇੱਕ ਪੈਟਰੋਲ ਪੰਪ ਵੀ ਹੈ।

ਆਪਣੀ ਨਵੀਂ ਭੂਮਿਕਾ ਬਾਰੇ ਐਡਵੋਕੇਟ ਏਪੀਐਸ ਸਹਿਗਲ ਨੇ ਸੁਪਰੀਮ ਕੋਰਟ ਵਿੱਚ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਭਾਰਤ ਸਰਕਾਰ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਾ ਛੱਡਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਸਹਿਗਲ ਦੀ ਨਿਯੁਕਤੀ ਨਾ ਸਿਰਫ਼ ਇੱਕ ਨਿੱਜੀ ਪ੍ਰਾਪਤੀ ਹੈ, ਸਗੋਂ ਜਲੰਧਰ ਦੇ ਵਕੀਲ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।