ਜਲੰਧਰ | ਪੰਜਾਬ ਸਰਕਾਰ ਨੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਨਵੀਂ ਸਕੀਮ ਸ਼ੁਰੂ ਕੀਤੀ ਹੈ। ਹੁਣ 500 ਰੁਪਏ ਇਸ ਉੱਤੇ ਬਣਦਾ ਟੈਕਸ ਦੇ ਕੇ ਕੋਰੋਨਾ ਟੀਕਾ ਲਗਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਰਾਹਤ ਸੁਸਾਇਟੀ ਵਲੋਂ 1000 ਕੋਵੈਕਸਿਨ ਦੀਆਂ ਖ਼ੁਰਾਕਾਂ ਖ਼ਰੀਦੀਆਂ ਗਈਆਂ ਹਨ। ਇਹ ਸ਼ਹਿਰ ਦੀਆਂ ਤਿੰਨ ਸਾਈਟਾਂ ਐਚ.ਐਮ.ਵੀ, ਕੇ.ਐਮ.ਵੀ. ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਜਿਸ ਦੀ ਉਮਰ 18 ਸਾਲ ਤੋਂ ਉਪਰ ਹੈ www.citywoofer.com/event/vaccination-drive ’ਤੇ ਵੈਕਸੀਨ ਸਲਾਟ ਬੁੱਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਇਨਾਂ ਸੈਸ਼ਨ ਸਾਈਟਾਂ ’ਤੇ ਮੌਕੇ ’ਤੇ ਵੈਕਸੀਨ ਲਗਾਉਣ ਲਈ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਅਦਾਇਗੀ ਲਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰਾਹਤ ਸੁਸਾਇਟੀ ਵਲੋਂ ਇਹੀ ਵੈਕਸੀਨ ਜੋ ਨਿੱਜੀ ਹਸਪਤਾਲਾਂ ਵਲੋਂ ਲਗਾਈ ਜਾਂਦੀ ਹੈ, ਅੱਧੇ ਤੋਂ ਵੀ ਘੱਟ ਮੁੱਲ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਲਾਭਪਾਤਰੀ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਰੋਜ਼ਾਨਾ ਸਬੰਧਿਤ ਸੈਸ਼ਨ ਸਾਈਟ ’ਤੇ ਵੈਕਸੀਨ ਲਗਵਾਉਣ ਲਈ ਜਾ ਸਕਦਾ ਹੈ।
ਥੋਰੀ ਨੇ ਕਿਹਾ ਕਿ ਸਾਰੇ ਨਾਗਰਿਕਾਂ ਲਈ ਆਪਣਾ ਅਧਾਰ ਕਾਰਡ, ਕਨਫਰਮ ਬੁਕਿੰਗ ਸਲਿੱਪ ਅਤੇ ਹੋਰ ਜਰੂਰੀ ਦਸਤਾਵੇਜ਼ ਜਦੋਂ ਉਹ ਵੈਕਸੀਨ ਲਗਵਾਉਣ ਲਈ ਸੈਸ਼ਨ ਸਾਈਟ ’ਤੇ ਆਉਣਗੇ ਨਾਲ ਲਿਆਉਣੇ ਜਰੂਰੀ ਹੋਣਗੇ। ਉਨ੍ਹਾਂ ਕਿਹਾ ਕਿ ਇਕ ਵਾਰ ਰਜਿਸਟਰੇਸ਼ਨ ਹੋਣ ਤੋਂ ਬਾਅਦ ਇਸ ਨੂੰ ਬਦਲਿਆ ਨਹੀਂ ਜਾ ਸਕੇਗਾ।