ਹੁਸ਼ਿਆਰਪੁਰ, 24 ਫਰਵਰੀ | CM ਮਾਨ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹੁਸ਼ਿਆਰਪੁਰ ਸਥਿਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਏ। ਇਥੇ CM ਮਾਨ ਨੇ ਸੂਬਾ ਪੱਧਰੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਗੁਰੂ ਰਵਿਦਾਸ ਮੈਮੋਰੀਅਲ’ ਸ੍ਰੀ ਖੁਰਾਲਗੜ੍ਹ ਸਾਹਿਬ ਦਾ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ ਕਿ ਇਹ ਸੇਵਾ ਮੇਰੇ ਹਿੱਸੇ ਆਈ ਹੈ।
ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਵੱਡਾ ਟੂਰਿਸਟ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਨਾਉਣ ਦਾ ਐਲਾਨ ਵੀ ਕੀਤਾ।
ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਯਾਦਗਾਰੀ ਮੌਕੇ ਵਜੋਂ ਵਿਆਪਕ ਪੱਧਰ ਉਤੇ ਮਨਾਏਗੀ। ਅੱਜ ਇਥੇ ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਯਾਦਗਾਰ ਮਾਨਵਤਾ ਨੂੰ ਸਮਰਪਿਤ ਕਰਨ ਤੋਂ ਬਾਅਦ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਫਸਰਾਂ ਨੂੰ ਪਹਿਲਾਂ ਹੀ ਆਦੇਸ਼ ਦੇ ਦਿੱਤੇ ਹਨ ਕਿ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਢੁੱਕਵੀਂ ਵਿਉਂਤਬੰਦੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਵੱਡੇ ਪੱਧਰ ਉਤੇ ਮਨਾਉਣ ਲਈ ਸੰਗਤ ਦੇ ਸਲਾਹ-ਮਸ਼ਵਰੇ ਨਾਲ ਖੁਰਾਲਗੜ੍ਹ ਦੇ ਆਲੇ-ਦੁਆਲੇ ਸਮੁੱਚੇ ਇਲਾਕੇ ਨੂੰ ਵਿਆਪਕ ਪੱਧਰ ਉਤੇ ਵਿਕਸਿਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਯਾਦਗਾਰੀ ਮੌਕਾ ਹੋਵੇਗਾ ਅਤੇ ਸੂਬਾ ਸਰਕਾਰ ਇਸ ਉਤਸਵ ਦੀ ਸਫਲਤਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।