ਚੰਡੀਗੜ੍ਹ, 20 ਨਵੰਬਰ | ਪੰਜਾਬ ਮੰਤਰੀ ਮੰਡਲ ਦੀ 20 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬੈਠਕ ’ਚ ਕਈ ਅਹਿਮ ਫ਼ੈਸਲੇ ਹੋਣਗੇ। ਇਸ ਬੈਠਕ ’ਚ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਇਸੇ ਮਹੀਨੇ ਜਾਂ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਸੱਦੇ ਜਾਣ ਦੀਆਂ ਤਰੀਕਾਂ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਦੇ ਹੱਕ ’ਚ ਫ਼ੈਸਲਾ ਕਰਨ ਤੋਂ ਬਾਅਦ ਇਹ ਇਜਲਾਸ ਸੱਦਿਆ ਜਾ ਰਿਹਾ ਹੈ। ਮੰਤਰੀ ਮੰਡਲ ਦੀ ਮੀਟਿੰਗ ’ਚ ਮੁਲਾਜ਼ਮਾਂ ਦੇ ਮਸਲਿਆਂ ’ਤੇ ਚਰਚਾ ਕਰਕੇ ਵੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸਮੇਂ ਸੂਬੇ ਦੇ ਦਫ਼ਤਰੀ ਮੁਲਾਜ਼ਮ 21 ਨਵੰਬਰ ਤਕ ਕਲਮ ਛੋੜ ਹੜਤਾਲ ’ਤੇ ਚੱਲ ਰਹੇ ਹਨ।
ਇਸ ਮੀਟਿੰਗ ’ਚ ਵਿੱਤੀ ਮਾਮਲਿਆਂ ’ਤੇ ਚਰਚਾ ਤੋਂ ਇਲਾਵਾ ਕੁਝ ਹੋਰ ਨਵੇਂ ਫ਼ੈਸਲਿਆਂ ’ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ ਭਾਵੇਂ ਕਿ ਹਾਲੇ ਮੀਟਿੰਗ ਦਾ ਫ਼ਾਈਨਲ ਏਜੰਡਾ ਤੈਅ ਨਹੀਂ ਹੈ ਪਰ ਮੌਕੇ ’ਤੇ ਹੀ ਨਵੇਂ ਮਸਲੇ ਵਿਚਾਰੇ ਜਾ ਸਕਦੇ ਹਨ।