ਅੰਮ੍ਰਿਤਸਰ : ਹਸਪਤਾਲ ਆਏ ਕੈਦੀ ਭਿੜੇ, ਛੁਡਵਾਉਣ ਆਏ ਡਾਕਟਰਾਂ ‘ਤੇ ਵੀ ਹਮਲਾ, ਇਕ ਦੀ ਪੱਗ ਲਾਹੀ

0
810

ਅੰਮ੍ਰਿਤਸਰ : ਕੇਂਦਰੀ ਜੇਲ੍ਹ ਤੋਂ ਆਏ ਦੋ ਕੈਦੀ ਗੁਰੂ ਨਾਨਕ ਦੇਵ ਹਸਪਤਾਲ ’ਚ ਗੁਥਮ-ਗੁੱਥਾ ਹੋ ਗਏ। ਇਸ ਵਿਚਾਲੇ ਬਚਾਅ ਲਈ ਆਏ ਡਾਕਟਰ ਨੂੰ ਵੀ ਇਨ੍ਹਾਂ ਨੇ ਨਹੀਂ ਬਖਸ਼ਿਆ। ਝਗੜੇ ਦੌਰਾਨ ਡਾਕਟਰ ਦੀ ਪੱਗ ਲੱਥ ਗਈ। ਕੈਦੀਆਂ ਨੇ ਡਾਕਟਰ ਨਾਲ ਮਾੜਾ ਸਲੂਕ ਵੀ ਕੀਤਾ।

ਦਰਅਸਲ, ਮੈਡੀਸਨ ਵਿਭਾਗ ਦੇ ਵਾਰਡ ਨੰ. 7 ’ਚ ਜੇਲ੍ਹ ਤੋਂ ਆਏ ਬਿਮਾਰ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਨ੍ਹਾਂ ’ਚ ਜੇਲ੍ਹ ਤੋਂ ਇਥੇ ਭੇਜਿਆ ਗਿਆ ਇਕ ਕੈਦੀ ਕਾਲੇ ਪੀਲੀਏ ਤੋਂ ਪੀੜਤ ਸੀ। ਬੁੱਧਵਾਰ ਸਵੇਰੇ ਇਕ ਹੋਰ ਕੈਦੀ ਨਾਲ ਇਸ ਕੈਦੀ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।

ਗੱਲ ਇੰਨੀ ਵਧ ਗਈ ਦੋਵੇਂ ਇਕ-ਦੂਜੇ ’ਤੇ ਝਪਟ ਪਏ। ਰੱਜ ਕੇ ਲੱਤਾਂ-ਘਸੁੰਨ ਚੱਲੇ। ਵਾਰਡ ਇੰਚਾਰਜ ਡਾ. ਇੰਦਰਜੀਤ ਸਿੰਘ ਰਾਊਂਡ ਕਰਦੇ ਹੋਏ ਇਥੇ ਪੁੱਜੇ ਤਾਂ ਦੋਵੇਂ ਉਲਝੇ ਹੋਏ ਸਨ। ਉਨ੍ਹਾਂ ਨੇ ਦੋਵਾਂ ਨੂੰ ਵੱਖ ਕਰਨ ਦਾ ਯਤਨ ਕੀਤਾ। ਇਸ ਦੌਰਾਨ ਇਕ ਕੈਦੀ ਨੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਇਸ ਕਾਰਨ ਉਨ੍ਹਾਂ ਦੀ ਪੱਗ ਲੱਥ ਗਈ।

ਇਸ ਤੋਂ ਬਾਅਦ ਡਾ. ਇੰਦਰਜੀਤ ਨੇ ਸਖਤੀ ਨਾਲ ਗੱਲ ਕੀਤੀ ਤਾਂ ਦੋਵੇਂ ਕੈਦੀਆਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਡਾ. ਇੰਦਰਜੀਤ ਨੇ ਮਾਮਲੇ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ’ਤੇ ਪੁੱਜੀ। ਝਗੜਾ ਕਰਨ ਵਾਲਾ ਇਕ ਕੈਦੀ ਮਾਨਸਿਕ ਤੌਰ ’ਤੇ ਕਮਜ਼ੋਰ ਸੀ। ਅਜਿਹੇ ’ਚ ਉਸ ਨੂੰ ਇਥੋਂ ਕੱਢ ਕੇ ਸਰਕੁਲਰ ਰੋਡ ਸਥਿਤ ਵਿਦਿਆਸਾਗਰ ਮਨੋਰੋਗ ਹਸਪਤਾਲ ’ਚ ਟਰਾਂਸਫਰ ਕੀਤਾ ਗਿਆ। ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਝਗੜਾ ਕਰਨ ਵਾਲਾ ਕੈਦੀ ਮਨੋਰੋਗ ਹਸਪਤਾਲ ਭੇਜਿਆ ਗਿਆ ਹੈ। ਨਾਲ ਹੀ ਇਸ ਘਟਨਾ ਦੀ ਸੂਚਨਾ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ।