ਅੰਮ੍ਰਿਤਸਰ : ਸ਼ਰਾਬੀ ਪੁੱਤ ਨੂੰ ਪਿੰਡ ‘ਚ ਜਾਗੋ ‘ਤੇ ਜਾਣ ਤੋਂ ਰੋਕ ਰਹੇ ਸੀ ਮਾਪੇ, ਪੁੱਤ ਨੇ ਦੋਵਾਂ ਨੂੰ ਬੇਰਹਿਮੀ ਨਾਲ ਮਾਰਿਆ

0
713

ਅੰਮ੍ਰਿਤਸਰ, 9 ਨਵੰਬਰ|  ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੋਹਰੇ ਕਤਲ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਪਿੰਡ ਪੰਧੇਰ ਕਲਾਂ ਵਿਚ ਇਕ ਨੌਜਵਾਨ ਨੇ ਹੀ ਮਾਤਾ-ਪਿਤਾ ਦੀ ਜਾਨ ਲੈ ਲਈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀ ਕੇ ਵਿਆਹ ਵਿਚ ਜਾਣ ਤੋਂ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ‘ਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿਚ ਹੀ ਇਕ ਨੌਜਵਾਨ ਦਾ ਵਿਆਹ ਸੀ। ਦੇਰ ਰਾਤ ਪਿੰਡ ਵਿਚ ਜਾਗੋ ਕੱਢੀ ਜਾ ਰਹੀ ਸੀ।

ਇਸੇ ਦੌਰਾਨ ਪ੍ਰਿਤਪਾਲ ਸਿੰਘ ਨਾਂਅ ਦਾ ਨੌਜਵਾਨ ਸ਼ਰਾਬ ਪੀ ਕੇ ਘਰ ਆਇਆ। ਨੌਜਵਾਨ ਨੂੰ ਨਸ਼ੇ ਵਿਚ ਦੇਖ ਕੇ ਉਸ ਦੇ ਮਾਪਿਆਂ ਨੇ ਉਸ ਨੂੰ ਵਿਆਹ ਵਿਚ ਜਾਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਗੁੱਸੇ ਵਿਚ ਨੌਜਵਾਨ ਨੇ ਲੋਹੇ ਦੀ ਰਾਡ ਨਾਲ ਮਾਤਾ-ਪਿਤਾ ਉਤੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।