ਅੰਮ੍ਰਿਤਸਰ, 13 ਸਤੰਬਰ| ਅੰਮ੍ਰਿਤਸਰ ‘ਚ ਮੰਗਲਵਾਰ ਸ਼ਾਮ ਨੂੰ ਇਕ ਮਹਿਲਾ ਵਕੀਲ ਨੇ ਖੁਦਕੁਸ਼ੀ ਕਰ ਲਈ। ਜਦੋਂ ਮਹਿਲਾ ਵਕੀਲ ਨੇ ਇਹ ਕਦਮ ਚੁੱਕਿਆ ਤਾਂ ਉਹ ਘਰ ‘ਚ ਇਕੱਲੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੀ ਖੁਦਕੁਸ਼ੀ ਤੋਂ ਬਾਅਦ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ।
ਮ੍ਰਿਤਕਾ ਦੀ ਪਛਾਣ ਹਿਨਾ ਭਨੋਟ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 28 ਸਾਲ ਸੀ ਅਤੇ ਝਬਾਲ ਰੋਡ ‘ਤੇ ਸਥਿਤ ਗ੍ਰੈਂਡ ਸਿਟੀ ‘ਚ ਆਪਣੇ ਪਤੀ ਨਾਲ ਰਹਿ ਰਹੀ ਸੀ। ਹਿਨਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਹਿਨਾ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਸ ਦੀ ਇੱਕ ਛੋਟੀ ਬੇਟੀ ਵੀ ਹੈ। ਹਿਨਾ ਭਨੋਟ ਦਾ ਆਪਣੇ ਸਹੁਰਿਆਂ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਦਾ ਮਾਮਲਾ ਅਜੇ ਅਦਾਲਤ ‘ਚ ਹੈ। ਹਿਨਾ ਪਿਛਲੇ 5 ਸਾਲਾਂ ਤੋਂ ਸਿਵਲ ਕੋਰਟ ‘ਚ ਪ੍ਰੈਕਟਿਸ ਕਰ ਰਹੀ ਸੀ।
ਭਰਾ ਦੇ ਬਿਆਨਾਂ ‘ਤੇ ਕਾਰਵਾਈ
ਦੇਰ ਸ਼ਾਮ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਵਕੀਲ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦਾ ਭਰਾ ਵੀ ਪੇਸ਼ੇ ਤੋਂ ਵਕੀਲ ਹੈ, ਜਦਕਿ ਪਿਤਾ ਅੰਮ੍ਰਿਤਸਰ ਵਿੱਚ ਜੱਜ ਦਾ ਰੀਡਰ ਹੈ।