ਅੰਮ੍ਰਿਤਸਰ। ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ 40 ਤੋਂ 50 ਯਾਤਰੀਆਂ ਦੇ ਸਮਾਨ ਗਾਇਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਵਾਈ ਅੱਡੇ ‘ਤੇ ਯਾਤਰੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਲਕੇ ਤੱਕ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਦੁਬਈ ਤੋਂ ਸਪਾਈਸ ਜੈੱਟ ਦੀ ਫਲਾਈਟ ਐਮਜੀ 56 ਸ਼ੁੱਕਰਵਾਰ ਤੜਕੇ ਕਰੀਬ 3.30 ਵਜੇ ਲੈਂਡ ਹੋਈ ਸੀ। ਜਦੋਂ ਯਾਤਰੀ ਕਸਟਮ ਕਲੀਅਰੈਂਸ ਲੈ ਕੇ ਸਮਾਨ ਦੀ ਜਾਂਚ ਹੋਣ ਮਗਰੋਂ ਬਾਅਦ ਸਮਾਨ ਵਾਲੀ ਬੈਲਟ ਕੋਲ ਪਹੁੰਚੇ ਤਾਂ ਕਈ ਯਾਤਰੀਆਂ ਦਾ ਸਾਮਾਨ ਗਾਇਬ ਸੀ। ਸਾਮਾਨ ਨਾ ਮਿਲਣ ‘ਤੇ ਯਾਤਰੀ ਸਪਾਈਸ ਜੈੱਟ ਦੇ ਕਾਊਂਟਰ ‘ਤੇ ਪਹੁੰਚ ਗਏ ਅਤੇ ਜ਼ਬਰਦਸਤ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਫ਼ਿਲਹਾਲ ਖ਼ਬਰ ਲਿਖੇ ਜਾਣ ਤੱਕ ਸਪਾਈਸ ਜੈੱਟ ਦਾ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ, ਹਾਂ ਇਹ ਜ਼ਰੂਰ ਹੈ ਕਿ ਉਨ੍ਹਾਂ ਕਿਸੀ ਤਰ੍ਹਾਂ ਯਾਤਰੂਆਂ ਨੂੰ ਸਮਝਾ ਕੇ ਘਰੇ ਭੇਜ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇਗਾ।